ਸਤਲੁਜ ਦਾ ਬੰਨ੍ਹ ਟੁੱਟਣ ਨਾਲ ਕਈ ਪਿੰਡਾਂ 'ਤੇ ਮੰਡਰਾਉਣ ਲੱਗਾ ਖ਼ਤਰਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
Tuesday, Jul 11, 2023 - 06:05 PM (IST)
ਜਲੰਧਰ/ ਲੋਹੀਆਂ ਖ਼ਾਸ : ਗਿੱਦੜਪਿੰਡੀ ਖੇਤਰ ਵਿੱਚ ਬੀਤੀ ਅੱਧੀ ਰਾਤ ਨੂੰ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਹੜ੍ਹ ਦੇ ਪਾਣੀ ਵਿੱਚ ਘਿਰ ਗਏ ਹਨ। ਬੰਨ੍ਹ 'ਚ ਇਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਿਆ ਹੈ। ਚਸ਼ਮਦੀਦਾਂ ਮੁਤਾਬਕ ਪਹਿਲਾਂ ਬੰਨ੍ਹ 'ਚ ਘਰਲ ਪਿਆ, ਜੋ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀਂ ਹੋਇਆ ਅਤੇ ਕੁਝ ਸਮੇਂ ਦਰਮਿਆਨ ਵੇਖਦੇ ਹੀ ਵੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ। ਇਸ ਨਾਲ ਗਿੱਦੜਪਿੰਡੀ ਸਣੇ ਨੇੜੇ-ਤੇੜੇ ਦੇ ਪਿੰਡਾਂ 'ਚ ਪਾਣੀ ਭਰ ਗਿਆ ਹੈ। ਬੀਤੇ ਦਿਨਾਂ ਤੋਂ ਹੀ ਸੰਤ ਸੀਚੇਵਾਲ ਇਲਾਕੇ ਦੀਆਂ ਸੰਗਤਾਂ ਨਾਲ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਸਨ ਪਰ ਦਰਿਆ ਦੀ ਸਮਰੱਥਾ ਤੋਂ ਵਧੇਰੇ ਪਾਣੀ ਹੋਣ ਕਾਰਨ ਬੰਨ੍ਹ ਟੁੱਟ ਗਿਆ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਪਾਣੀ ਤੇਜ਼ੀ ਨਾਲ ਕਈ ਪਿੰਡਾਂ ਵੱਲ ਵਧ ਰਿਹਾ ਹੈ ਤੇ ਰਾਤ ਤੱਕ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਇਸ ਸਭ ਦਰਮਿਆਨ ਫੌਜ ਅਤੇ ਸੰਤ ਸੀਚੇਵਾਲ ਦੀ ਅਗਵਾਈ 'ਚ ਸਥਾਨਿਕ ਨਿਵਾਸੀਆਂ ਨੇ ਬੰਨ੍ਹ ਨੂੰ ਬੰਨ੍ਹਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਵਧਦੇ ਪਾਣੀ ਕਾਰਨ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਹੈ। ਤਸਵੀਰਾਂ ਰਾਹੀਂ ਵੇਖੋ ਹੜ੍ਹ ਪ੍ਰਭਾਵਿਤ ਖੇਤਰ ਦੇ ਤਾਜ਼ਾ ਹਾਲਾਤ...