ਹਾਈ ਅਲਰਟ ਦੌਰਾਨ ਲੁਟੇਰਿਅਾਂ ਨੇ ਦਿੱਤੀ ਕਮਿਸ਼ਨਰੇਟ ਪੁਲਸ ਨੂੰ ਖੁੱਲ੍ਹੇਆਮ ਚੁਣੌਤੀ
Wednesday, Dec 05, 2018 - 01:52 PM (IST)
ਜਲੰਧਰ (ਸੁਧੀਰ)-ਅੰਮ੍ਰਿਤਸਰ ’ਚ ਹੋਏ ਅੱਤਵਾਦੀ ਹਮਲੇ ਤੇ ਜਲੰਧਰ ਤੋਂ ਅੱਤਵਾਦੀ ਫੜੇ ਜਾਣ ਤੋਂ ਬਾਅਦ ਚੱਲ ਰਹੇ ਹਾਈ ਅਲਰਟ ਦੌਰਾਨ ਸ਼ਹਿਰ ’ਚ ਕਈ ਸਥਾਨਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਹੁਣ ਤਾਂ ਸ਼ਹਿਰ ’ਚ ਐੱਸ. ਪੀ. ਜੀ. ਦੇ 40 ਜਵਾਨ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਹਨ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਬੇਖੌਫ ਲੁਟੇਰੇ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਖੁੱਲ੍ਹੇਆਮ ਚੁਣੌਤੀ ਦਿੰਦੇ ਹੋਏ ਮਹਿਲਾ ਬੈਂਕ ਕਰਮਚਾਰੀ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸ਼ਿਕਾਰ ਹੋਈ ਬਸਤੀ ਸ਼ੇਖ ਵਾਸੀ ਵੰਸ਼ਿਕਾ ਨੇ ਦੱਸਿਆ ਕਿ ਉਹ ਸੋਢਲ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਕੰਮ ਕਰਦੀ ਹੈ ਤੇ ਅੱਜ ਸ਼ਾਮ ਬੈਂਕ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਰਿਕਸ਼ਾ ਕਰ ਕੇ ਆਪਣੇ ਘਰ ਜਾ ਰਹੀ ਸੀ ਕਿ ਵਰਕਸ਼ਾਪ ਚੌਕ ਤੋਂ ਥੋੜ੍ਹੀ ਪਹਿਲਾਂ 2 ਮੋਟਰਸਾਈਕਲ ਸਵਾਰ ਲੁਟੇਰਿਅਾਂ ਨੇ ਉਸ ਦੇ ਹੱਥ ’ਚੋਂ ਪਰਸ ਖੋਹ ਲਿਆ ਤੇ ਵਰਕਸ਼ਾਪ ਚੌਕ ਵੱਲ ਭੱਜ ਗਏ। ਉਸ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਪੀੜਤਾ ਤੇ ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਹੀ ਦੂਰੀ ’ਤੇ ਲੱਗੇ ਨਾਕੇ ’ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਪਰ ਕੋਈ ਵੀ ਮੁਲਾਜ਼ਮ ਮਦਦ ਕਰਨ ਨਹੀਂ ਆਇਆ। ਦੂਜੇ ਪਾਸੇ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਅਾਂ ਤੋਂ ਲੁਟੇਰਿਅਾਂ ਦੀ ਫੁਟੇਜ ਕਢਵਾਈ ਹੈ ਤੇ ਪੁਲਸ ਫਿਲਹਾਲ ਲੁਟੇਰਿਅਾਂ ਦੀ ਭਾਲ ਕਰ ਰਹੀ ਹੈ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
