ਟਰੈਕ ਉਪਰ ਏਜੰਟਾਂ ਦੇ ਦਾਖਲੇ ’ਤੇ ਬੈਨ ਦਾ ਹੋਵੇਗਾ ਸਖਤੀ ਨਾਲ ਪਾਲਣ
Wednesday, Dec 05, 2018 - 02:46 PM (IST)
ਜਲੰਧਰ (ਅਮਿਤ)-ਆਰ. ਟੀ. ਏ. ਦਫਤਰ ’ਚ ਭ੍ਰਿਸ਼ਟਾਚਾਰ ’ਤੇ ਲਗਾਮ ਲਾਉਣ ਤੇ ਇਥੇ ਕੰਮ ਕਰਨ ਵਾਲੇ ਕੁਝ ਲਾਲਚੀ ਕਿਸਮ ਦੇ ਸਰਕਾਰੀ ਕਰਮਚਾਰੀਆਂ ਤੇ ਨਿੱਜੀ ਕੰਪਨੀ ਦੇ ਸਟਾਫ ਦੀ ਮਿਲੀਭੁਗਤ ਨਾਲ ਏਜੰਟਾਂ ਨੂੰ ਮਿਲਣ ਵਾਲੀਆਂ ਸੁੱਖ ਸਹੂਲਤਾਂ ਦੇ ਉਪਰ ਰੋਕ ਲਾਉਣ ਲਈ ਸੈਕਟਰੀ ਆਰ. ਟੀ. ਏ. ਕੰਵਲਜੀਤ ਸਿੰਘ ਨੇ ਮੰਗਲਵਾਰ ਨੂੰ ਐਕਸ਼ਨ ’ਚ ਆਉਂਦੇ ਹੋਏ ਟਰੈਕ ’ਤੇ ਸਾਰੇ ਏਜੰਟਾਂ ਨੂੰ ਬਾਹਰ ਦਾ ਰਾਹ ਦਿਖਾਉਣ ਦੇ ਹੁਕਮ ਜਾਰੀ ਕੀਤੇ। ਇਸ ਦੌਰਾਨ ਆਰ. ਟੀ. ਏ. ਦੇ ਨਾਲ ਤਾਇਨਾਤ ਕੀਤੇ ਗਏ ਏ. ਟੀ. ਏ. ਅੰਗਰੇਜ਼ ਸਿੰਘ ਵੀ ਉਨ੍ਹਾਂ ਨਾਲ ਸਨ। ਆਰ. ਟੀ. ਏ. ਨੇ ਏ. ਟੀ. ਏ. ਦੇ ਨਾਲ ਪੂਰੇ ਟਰੈਕ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਥੇ ਦੱਸਣਯੋਗ ਹੈ ਕਿ ਜਗ ਬਾਣੀ ਵਲੋਂ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਛਾਪਿਆ ਜਾ ਚੁੱਕਾ ਹੈ ਕਿ ਕਿਵੇਂ ਟਰੈਕ ’ਤੇ ਆਉਣ ਵਾਲੇ ਬਿਨੇਕਾਰਾਂ ਦੀ ਗਿਣਤੀ ਇੰਨੀ ਨਹੀਂ ਹੈ, ਜਿੰਨੀ ਗਿਣਤੀ ’ਚ ਏਜੰਟ ਇਥੇ ਰੋਜ਼ਾਨਾ ਘੁੰਮਦੇ ਦੇਖੇ ਜਾ ਸਕਦੇ ਹਨ। ਅਧਿਕਾਰੀਆਂ ਦੇ ਇਸ ਢਿੱਲੇ ਤੇ ਲਾਪ੍ਰਵਾਹ ਰਵੱਈਏ ਦਾ ਹੀ ਨਤੀਜਾ ਹੈ ਕਿ ਜ਼ਿਆਦਾਤਰ ਏਜੰਟ ਬਿਨਾਂ ਕਿਸੇ ਰੋਕ-ਟੋਕ ਦੇ ਟਰੈਕ ’ਤੇ ਆਪਣਾ ਧੰਦਾ ਚਲਾਉਂਦੇ ਹੋਏ ਦੇਖੇ ਜਾ ਸਕਦੇ ਹਨ। ਕੁਝ ਏਜੰਟ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰਦੇ ਤੇ ਕੰਪਿਊਟਰ ਸਿਸਟਮ ’ਤੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਸੈਕਟਰੀ ਆਰ. ਟੀ. ਏ. ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਹਨ ਕਿ ਟਰੈਕ ’ਤੇ ਮੌਜੂਦ ਸਾਰੇ ਏਜੰਟਾਂ ਨੂੰ ਬਾਹਰ ਕੱਢਿਆ ਜਾਵੇਗਾ। ਭਵਿੱਖ ’ਚ ਕੋਈ ਵੀ ਏਜੰਟ ਟਰੈਕ ’ਤੇ ਨਜ਼ਰ ਨਹੀਂ ਆ ਸਕੇਗਾ।ਸਿਰਫ ਬਿਨੇਕਾਰਾਂ ਨੂੰ ਮਿਲੇਗੀ ਅੰਦਰ ਜਾਣ ਦੀ ਇਜਾਜ਼ਤਆਰ. ਟੀ. ਏ. ਦੇ ਹੁਕਮਾਂ ਅਨੁਸਾਰ ਬਿਨੇਕਾਰਾਂ ਨੂੰ ਹੀ ਆਪਣੀਆਂ ਫਾਈਲਾਂ ਲੈ ਕੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦ ਕਿ ਪਹਿਲਾਂ ਏਜੰਟ ਆਪਣੇ ਗਾਹਕਾਂ ਨੂੰ ਨਾਲ ਲੈ ਕੇ ਅੰਦਰ ਜਾਂਦੇ ਸਨ ਅਤੇ ਆਪਣੀ ਸੈਟਿੰਗ ਦੇ ਦਮ ’ਤੇ ਆਊਟ ਆਫ ਟਰਨ ਆਪਣੇ ਕੰਮ ਕਰਵਾ ਕੇ ਚੱਲਦੇ ਬਣਦੇ ਸਨ।ਟਰੈਕ ਦੀਆਂ ਫਾਈਲਾਂ ਨਹੀਂ ਭਰ ਸਕਣਗੇ ਏਜੰਟਟਰੈਕ ’ਤੇ ਕਦੇ ਸਕੂਟਰ-ਮੋਟਰਸਾਈਕਲ ’ਤੇ ਬੈਠ ਕੇ ਜਾਂ ਫਿਰ ਅੰਦਰ ਬਣੇ ਕਾਊਂਟਰ ’ਤੇ ਖੜ੍ਹੇ ਹੋ ਕੇ ਪੈਸੇ ਲੈ ਕੇ ਆਮ ਜਨਤਾ ਦੇ ਫਾਰਮ ਭਰਦੇ ਹੋਏ ਦੇਖੇ ਜਾਣ ਵਾਲੇ ਏਜੰਟਾਂ ਨੂੰ ਸਿੱਧਾ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਟਰੈਕ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਏਜੰਟ ਟਰੈਕ ਦੇ ਅੰਦਰ ਨਾ ਤਾਂ ਆਪਣੇ ਸਕੂਟਰ ਜਾਂ ਮੋਟਰਸਾਈਕਲ ਖੜ੍ਹੇ ਕਰਨਗੇ ਤੇ ਨਾ ਹੀ ਅੰਦਰ ਬੈਠ ਕੇ ਬਿਨੇਕਾਰਾਂ ਦੇ ਫਾਰਮ ਭਰਨ ਦਾ ਕੰਮ ਕਰਨਗੇ। ਸੀ. ਸੀ. ਟੀ. ਵੀ. ਕੈਮਰਿਆਂ ਦੀ ਰੁਟੀਨ ’ਚ ਹੋਵੇਗੀ ਚੈਕਿੰਗ, ਆਉਣ-ਜਾਣ ਵਾਲਿਆਂ ’ਤੇ ਰਹੇਗੀ ਨਜ਼ਰਕੁਝ ਸਮਾਂ ਪਹਿਲਾਂ ਏਜੰਟ ਤੇ ਹੋਰ ਲੋਕਾਂ ਦੇ ਅੰਦਰ ਦਾਖਲ ਹੋਣ ’ਤੇ ਪਾਬੰਦੀ ਲਾਉਣ ਤੇ ਅਜਿਹੇ ਲੋਕਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਉਦੇਸ਼ ਨਾਲ ਜਲਦੀ ਹੀ ਡੀ. ਟੀ. ਓ. ਟਰੈਕ ਦੇ ਅੰਦਰ-ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾਏ ਸਨ। ਸੀ. ਸੀ. ਟੀ. ਵੀ. ਕੈਮਰੇ ਸਹੀ ਕਰਵਾ ਕੇ ਨਵਾਂ ਡੀ. ਵੀ. ਆਰ. ਸਿਸਟਮ ਵੀ ਲਾਇਆ ਗਿਆ ਸੀ, ਜਿਸ ਦਾ ਵਿਊ ਆਰ. ਟੀ. ਏ. ਦੇ ਮੋਬਾਇਲ ਤੋਂ ਵੀ ਆ ਰਿਹਾ ਹੈ। ਇਨ੍ਹਾਂ ਕੈਮਰਿਆਂ ਦਾ ਸਹੀ ਇਸਤੇਮਾਲ ਕਰਦੇ ਹੋਏ ਟਰੈਕ ’ਤੇ ਆਉਣ-ਜਾਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।ਏਜੰਟਾਂ ਦੇ ਅੰਦਰ ਦਾਖਲ ਹੋਣ ’ਚ ਮਦਦ ਕਰਨ ਵਾਲੇ ਕਰਮਚਾਰੀਆਂ ਦੀ ਖੈਰ ਨਹੀਂਆਰ. ਟੀ. ਏ. ਨੇ ਕਿਹਾ ਕਿ ਟਰੈਕ ’ਤੇ ਏਜੰਟਾਂ ਨੂੰ ਗਲਤ ਢੰਗ ਨਾਲ ਅੰਦਰ ਦਾਖਲ ਹੋਣ ਦੀ ਮਦਦ ਕਰਨ ਵਾਲੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਦੀ ਖੈਰ ਨਹੀਂ ਹੈ ਕਿਉਂਕਿ ਇਸ ਗੱਲ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਜੇਕਰ ਕੋਈ ਏਜੰਟ ਕਿਸੇ ਕਰਮਚਾਰੀ ਕੋਲ ਖੜ੍ਹਾ ਦੇਖਿਆ ਗਿਆ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ।ਬਾਅਦ ਦੁਪਹਿਰ ਏਜੰਟਾਂ ਨੂੰ ਨਹੀਂ ਮਿਲੇਗੀ ਵੀ. ਆਈ. ਪੀ. ਟਰੀਟਮੈਂਟਹਰ ਰੋਜ਼ ਦੁਪਹਿਰ ਨੂੰ ਟਰੈਕ ’ਤੇ ਆਮ ਜਨਤਾ ਦੇ ਕੰਮਕਾਜ ਦਾ ਸਮਾਂ ਖਤਮ ਹੁੰਦੇ ਹੀ ਏਜੰਟਾਂ ਦੇ ਆਉਣ ਦਾ ਸਿਲਸਿਲਾ ਪੂਰੀ ਤਰ੍ਹਾਂ ਨਾਲ ਖਤਮ ਹੋਣ ਵਾਲਾ ਹੈ ਕਿਉਂਕਿ ਆਰ. ਟੀ. ਏ. ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਕਿਸੇ ਵੀ ਹਾਲ ’ਚ ਏਜੰਟਾਂ ਨੂੰ ਵੀ. ਆਈ. ਪੀ. ਟਰੀਟਮੈਂਟ ਦੇਣ ਵਾਲਾ ਕਲਚਰ ਨਹੀਂ ਚੱਲੇਗਾ। ਕਦੋਂ ਤੱਕ ਲਾਗੂ ਰਹਿਣਗੇ ਹੁਕਮ, ਦੁਚਿੱਤੀ ਬਰਕਰਾਰਜਿਸ ਦਿਨ ਤੋਂ ਟਰੈਕ ਖੁੱਲ੍ਹਾ ਹੈ, ਉਸ ਦਿਨ ਤੋਂ ਕਈ ਵਾਰ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਪਰ ਹਰ ਵਾਰ ਕੁਝ ਸਮਾਂ ਬੀਤਣ ਤੋਂ ਬਾਅਦ ਪਹਿਲਾਂ ਜਿਹੀ ਸਥਿਤੀ ਬਣ ਜਾਂਦੀ ਹੈ। ਇਹ ਸਖਤੀ ਕਦੋਂ ਤੱਕ ਲਾਗੂ ਰਹੇਗੀ, ਆਰ. ਟੀ. ਏ. ਦੇ ਹੁਕਮਾਂ ਦੀ ਕਦੋਂ ਤੱਕ ਪਾਲਣਾ ਹੋਵੇਗੀ, ਇਸ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ ਬਰਕਰਾਰ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੱਕ ਸਖਤੀ ਵਰਤਣ ਦੇ ਬਾਅਦ ਪਹਿਲਾਂ ਜਿਹੇ ਹਾਲਾਤ ਬਣ ਜਾਣਗੇ।
