‘ਆਪ’ ਦੇ ਝਾੜੂ ਵਾਂਗ ਤਿਨਕਾ-ਤਿਨਕਾ ਹੋ ਰਿਹੈ ਅਕਾਲੀ ਦਲ ਬਾਦਲ : ਜਗਜੀਤ ਲੱਕੀ
Friday, Nov 09, 2018 - 06:45 PM (IST)
ਜਲੰਧਰ (ਚੋਪੜਾ)-ਆਮ ਆਦਮੀ ਪਾਰਟੀ (ਆਪ) ਦੇ ਝਾੜੂ ਵਾਂਗ ਹੀ ਹੁਣ ਅਕਾਲੀ ਦਲ ਬਾਦਲ ਵੀ ਤਿਨਕਾ-ਤਿਨਕਾ ਹੋ ਰਹੀ ਹੈ, ਜੋ ਕਿ ਪੰਜਾਬ ਤੇ ਪੰਜਾਬੀਅਤ ਲਈ ਕਾਫੀ ਲਾਭਕਾਰੀ ਸਾਬਤ ਹੋਵੇਗਾ। ਉਕਤ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਵਪਾਰ ਸੈੱਲ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਲੱਕੀ ਨੇ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਦੀਆਂ ਧੱਕੇਸ਼ਾਹੀਆਂ ਤੇ ਤਾਨਾਸ਼ਾਹੀਆਂ ਨੀਤੀਆਂ ਖਿਲਾਫ ਹੁਣ ਟਕਸਾਲੀ ਨੇਤਾ ਉੱਠ ਖੜ੍ਹੇ ਹੋਏ ਹਨ ਪਰ ਜੇਕਰ ਇਹ ਨੇਤਾ ਕੁੱਝ ਸਾਲ ਪਹਿਲਾਂ ਜਾਗ ਜਾਂਦੇ ਤਾਂ ਪੰਜਾਬ ਤੇ ਪੰਜਾਬੀਅਤ ਨੂੰ ਇੰਨਾ ਵੱਡਾ ਨੁਕਸਾਨ ਨਾ ਹੁੰਦਾ, ਜੋ ਕਿ ਬਾਦਲ ਸਰਕਾਰ ਨੇ ਆਪਣੇ 10 ਸਾਲ ਦੇ ਸਾਸ਼ਨਕਾਲ ਦੌਰਾਨ ਕੀਤਾ ਹੈ। ਲੱਕੀ ਨੇ ਕਿਹਾ ਕਿ ਪੰਜਾਬ ਦਾ ਖਾਲੀ ਖਜ਼ਾਨਾ, ਬੋਰੇਜ਼ਗਾਰੀ, ਨਸ਼ਾ, ਮਾਫੀਆ ਤੇ ਗੁੰਡਾਰਾਜ ਇਹ ਸਭ ਅਕਾਲੀ-ਭਾਜਪਾ ਗਠਜੋੜ ਦੀ ਹੀ ਦੇਣ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਦੇ ਬਾਅਦ ਸੂਬੇ ਨੂੰ ਇਕ ਵਾਰ ਫਿਰ ਤੋਂ ਪਟੜੀ ’ਤੇ ਲੈ ਆਂਦਾ ਹੈ। ਕਿਸਾਨਾਂ ਦਾ ਕਰਜ਼ਾ ਮੁਆਫ, ਨਸ਼ਾ ਤੇ ਨਸ਼ਾ ਸਮੱਗਲਰਾਂ ’ਤੇ ਨਕੇਲ ਕੱਸਣਾ, ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣਾ, ਇੰਡਸਟਰੀ ਨੂੰ ਸਸਤੀ ਬਿਜਲੀ ਦੇਣਾ ਤੇ ਨਾਜਾਇਜ਼ ਕਾਲੋਨੀਆਂ ਤੇ ਪਲਾਟਾਂ ਨੂੰ ਰੈਗੁੂਲਰ ਕਰਨ ਵਰਗੀਆਂ ਕਈ ਲੋਕ ਹਿੱਤ ਪਾਲਿਸੀਆਂ ਨੂੰ ਲਿਆ ਕੇ ਸੂਬੇ ਦੀ ਜਨਤਾ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੋਂ ਸੂਬੇ ਦੀ ਜਨਤਾ ਖੁਸ਼ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ’ਚ ਕਾਂਗਰਸ ਦੀ ਜਿੱਤ ਪੱਕੀ ਕਰ ਕੇ ਉਹ ਵਿਰੋਧੀ ਦਲ ਨੂੰ ਬਾਹਰ ਦਾ ਰਸਤਾ ਦਿਖਾਉਣਗੇ।
