ਬਾਘਾ ਹਸਪਤਾਲ ਭੋਗਪੁਰ ਦੇ ਸਕੈਨਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਕੈਂਸਲ ਹੋਈ
Thursday, Nov 01, 2018 - 02:10 PM (IST)
ਜਲੰਧਰ (ਰੱਤਾ)— ਪਿਛਲੇ ਕਾਫੀ ਸਮੇਂ ਤੋਂ ਲਿੰਗ ਪ੍ਰੀਖਣ ਕਰਨ ਦੇ ਦੋਸ਼ਾਂ ’ਚ ਘਿਰੇ ਚਲੇ ਆ ਰਹੇ ਬਾਘਾ ਹਸਪਤਾਲ ਭੋਗਪੁਰ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਆਖਿਰ ਕੈਂਸਲ ਹੋ ਗਈ।ਕੰਨਿਆ ਭਰੂਣ ਹੱਤਿਆ ਰੋਕਣ ਲਈ ਬਣਾਏ ਗਏ ਪੀ. ਐੱਨ. ਡੀ. ਟੀ. ਐਕਟ ਸਬੰਧੀ ਜ਼ਿਲਾ ਐਡਵਾਈਜ਼ਰੀ ਕਮੇਟੀ ਦੀ ਬੁੱਧਵਾਰ ਨੂੰ ਸਿਵਲ ਸਰਜਨ ਦਫਤਰ ਵਿਚ ਹੋਈ ਬੈਠਕ ਵਿਚ ਉਕਤ ਫੈਸਲਾ ਲਿਆ ਗਿਆ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਬਾਘਾ ਹਸਪਤਾਲ ਪਠਾਨਕੋਟ ਬਾਈਪਾਸ ਦੀ ਰਜਿਸਟ੍ਰੇਸ਼ਨ ਵੀ ਲੋਕ ਹਿੱਤ ਨੂੰ ਵੇਖਦਿਅਾਂ ਅਗਲੇ ਹੁਕਮਾਂ ਤੱਕ ਸਸਪੈਂਡ ਕੀਤਾ ਜਾਵੇ ਤੇ ਵੀ. ਐੱਸ. ਸਕੈਨਿੰਗ ਸੈਂਟਰ ਅਮਰਜੀਤ ਹਸਪਤਾਲ, ਲਾਜਪਤ ਨਗਰ ਦੀ ਰਜਿਸਟ੍ਰੇਸ਼ਨ ਵੀ ਤਿੰਨ ਮਹੀਨੇ ਲਈ ਸਸਪੈਂਡ ਕੀਤੀ ਜਾਵੇ ਤੇ ਉਥੇ ਜ਼ਬਤ ਕੀਤੇ ਗਏ ਅਲਟਰਾਸਾਊਂਡ ਸਕੈਨਿੰਗ ਦੇ ਰਿਕਾਰਡ ਨੂੰ 4 ਮੈਂਬਰੀ ਕਮੇਟੀ ਚੰਗੀ ਤਰ੍ਹਾਂ ਚੈੱਕ ਕਰੇ।ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ 5 ਅਕਤੂਬਰ ਨੂੰ ਅਰੋੜਾ ਸਕੈਨਿੰਗ ਸੈਂਟਰ, ਕਰਤਾਰਪੁਰ ਦੀ ਜੋ ਸਕੈਨਿੰਗ ਮਸ਼ੀਨ ਸੀਲ ਕੀਤੀ ਗਈ ਸੀ, ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਤਦ ਤੱਕ ਉਕਤ ਸੈਂਟਰ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ। ਇਸ ਤੋਂ ਇਲਾਵਾ ਕੁਝ ਸੈਂਟਰਾਂ ਦੀ ਨਵੀਂ ਰਜਿਸਟ੍ਰੇਸ਼ਨ ਤੇ ਕੁਝ ਰਿਨਿਊਵਲ ਦੇ ਕੇਸਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਵਿਚ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਰਿੰਦਰ ਕੁਮਾਰ, ਜ਼ਿਲਾ ਅਟਾਰਨੀ ਸਤਪਾਲ, ਐੱਮ. ਐੱਮ. ਓ. ਡਾ. ਕੁਲਵਿੰਦਰ ਕੌਰ, ਪ੍ਰਿੰਸੀਪਲ ਡਾ. ਸਰਿਤਾ ਵਰਮਾ, ਸੀ. ਡੀ. ਪੀ. ਓ. ਗੀਤਾ ਕੁਮਾਰੀ, ਕ੍ਰਿਪਾਲ ਸਿੰਘ, ਪੰਕਜ ਕੁਮਾਰ ਤੇ ਪੀ. ਐੱਨ. ਡੀ. ਟੀ. ਕੋਆਰਡੀਨੇਟਰ ਦੀਪਕ ਬਯੋਰਿਆ ਵੀ ਮੌਜੂਦ ਸਨ।
