ਮੰਤਰੀ ਕੁਲਦੀਪ ਧਾਲੀਵਾਲ ਨੇ ਮਹਿਲਾ ਸਰਪੰਚਾਂ ਨੂੰ ਕੀਤੀ ਖ਼ਾਸ ਅਪੀਲ
Tuesday, Nov 01, 2022 - 02:07 PM (IST)

ਲੁਧਿਆਣਾ/ਜਲੰਧਰ (ਵਿੱਕੀ, ਧਵਨ) : ਮਹਿਲਾ ਲੋਕ ਪ੍ਰਤੀਨਿਧੀਆਂ ਦੇ ਰਿਸ਼ਤੇਦਾਰਾਂ ਦੀ ਦਫ਼ਤਰੀ ਕੰਮਾਂ ਵਿਚ ਦਖਲਅੰਦਾਜ਼ੀ ਬੰਦ ਕਰਨ ਦੀ ਗੱਲ ਨੂੰ ਫਿਰ ਤੋਂ ਦੁਹਰਾਉਂਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਮਹਿਲਾ ਸਰਪੰਚ ਜਾਂ ਪੰਚ ਦਾ ਪਤੀ/ਪੁੱਤਰ ਜਾਂ ਰਿਸ਼ਤੇਦਾਰ ਦਫ਼ਤਰੀ ਕੰਮ ਵਿਚ ਦਖ਼ਲ ਨਹੀਂ ਦੇਵੇਗਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਗੁਰੂ ਨਾਨਕ ਭਵਨ ਵਿਚ ਕਰਵਾਏ ਜਾ ਰਹੇ ਤੀਜੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਮਹਿਲਾ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਦੂਜਿਆਂ ਨੂੰ ਆਪਣੀ ਡਿਊਟੀ ਵਿਚ ਹਿੱਸੇਦਾਰ ਨਾ ਬਣਾਉਣ।
ਇਹ ਵੀ ਪੜ੍ਹੋ : CBSE ਨੇ 10ਵੀਂ-12ਵੀਂ ਦੇ ਪੇਪਰਾਂ ਤੋਂ ਪਹਿਲਾਂ ਸਕੂਲਾਂ ਨੂੰ ਦਿੱਤੇ ਇਹ ਨਿਰਦੇਸ਼
ਇਸੇ ਦੇ ਨਾਲ ਉਨ੍ਹਾਂ ਨੇ ਸਰਪੰਚਾਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਜੰਗ ਛੇੜਨ ਅਤੇ ਨਸ਼ਿਆਂ ਦੇ ਸੌਦਾਗਰਾਂ ’ਤੇ ਨਕੇਲ ਕੱਸ ਕੇ ਸਮਾਜ ਨੂੰ ਇਸ ਬੀਮਾਰੀ ਤੋਂ ਮੁਕਤ ਕਰਵਾਉਣ ਵਿਚ ਮੋਹਰੀ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 6500 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਸਰਪੰਚ ਬੀਬੀਆਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਅਤੇ ਜੇਕਰ ਉਹ ਸਾਰੇ ਮਿਲ ਕੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਤਾਂ ਇਸ ਬੀਮਾਰੀ ’ਤੇ ਸਫ਼ਲਤਾ ਨਾਲ ਰੋਕ ਲਗਾਈ ਜਾ ਸਕੇਗੀ।
ਇਹ ਵੀ ਪੜ੍ਹੋ : ਅੰਦਰੂਨੀ ਫੁੱਟ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਅਕਾਲੀ ਦਲ ਲਈ ਬਣੀ ‘ਗਲੇ ਦੀ ਹੱਡੀ’
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਦਿਨ ਗਏ ਜਦੋਂ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੇ ਲਈ ਵੀ ਇਜਾਜ਼ਤ ਦੀ ਲੋੜ ਹੁੰਦੀ ਸੀ। 21ਵੀਂ ਸਦੀ ਵਿਚ ਔਰਤਾਂ ਹਰ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਹਨ ਅਤੇ ਆਪਣੀ ਜ਼ਿੰਮੇਵਾਰੀ ਪੂਰੀ ਕੁਸ਼ਲਤਾ ਨਾਲ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਓਨੀ ਦੇਰ ਤੱਕ ਤਰੱਕੀ ਨਹੀਂ ਕਰ ਸਕਦਾ, ਜਿੰਨਾ ਚਿਰ ਉਸ ਦੀਆਂ ਵਿਕਾਸ ਨੀਤੀਆਂ ਵਿਚ ਔਰਤਾਂ ਪੂਰੀ ਤਰ੍ਹਾਂ ਹਿੱਸੇਦਾਰ ਨਾ ਹੋਣ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਜਦੋਂ ਔਰਤਾਂ ਸਸ਼ਕਤ ਹੁੰਦੀਆਂ ਹਨ ਤਾਂ ਪੂਰਾ ਸਮਾਜ ਸਸ਼ਕਤ ਹੁੰਦਾ ਹੈ।
ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ