ਬਿਜਲੀ ਬਿੱਲ ਨਾ ਦੇਣ 'ਤੇ ਕੱਟਿਆ ਕਾਂਗਰਸ ਭਵਨ ਦਾ ਕੁਨੈਕਸ਼ਨ, ਕਾਂਗਰਸੀਆਂ ਨੇ ਲਾਇਆ ਇਹ ਜੁਗਾੜ
Thursday, Sep 29, 2022 - 01:46 PM (IST)
ਜਲੰਧਰ : ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਉਣ 'ਤੇ ਪਾਵਰਕਾਮ ਨੇ ਮੰਗਲਵਾਰ ਨੂੰ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਪਰ ਕਾਂਗਰਸੀਆਂ ਨੇ ਇਸ ਨੂੰ ਨਾ ਸਹਾਰਦਿਆਂ ਕੁੰਡੀ ਲਾ ਕੇ ਮੁੜ ਤੋਂ ਬਿਜਲੀ ਚਾਲੂ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਬਿਜਲੀ ਦੇ ਬਕਾਇਆ ਬਿੱਲ ਦੇ ਕੁਝ ਪੈਸੇ ਜਮ੍ਹਾ ਕਰਵਾ ਦਿੱਤੇ ਹਨ ਅਤੇ ਬਾਕੀ ਪੈਸੇ ਵੀਰਵਾਰ ਨੂੰ ਜਮ੍ਹਾ ਕਰਵਾ ਦੇਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁੰਡੀ ਲਾਉਣ ਦਾ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਵਿਸ਼ਵ ਦੇ ਨਕਸ਼ੇ ’ਤੇ ਆਵੇਗਾ ਬਠਿੰਡਾ ਸ਼ਹਿਰ! ਡਰੱਗ ਪਾਰਕ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵੱਡੀ ਯੋਜਨਾ
ਦੱਸ ਦੇਈਏ ਕਿ ਦੁਪਹਿਰ ਦੇ ਕਰੀਬ 3 ਵਜੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੀ ਕਾਂਗਰਸ ਭਵਨ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਪ੍ਰਧਾਨ ਸਨ ਤਾਂ ਬਿਜਲੀ ਬਿੱਲ ਕਰੀਬ 20 ਹਜ਼ਾਰ ਰੁਪਏ ਆਉਂਦਾ ਸੀ। ਉਨ੍ਹਾਂ ਨੇ ਬਿਜਲੀ ਕਨੈਕਸ਼ਨ ਕੱਟਣ ਨੂੰ ਸ਼ਰਮਨਾਕ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸ ਭਵਨ ਦਾ 3.75 ਲੱਖ ਰੁਪਏ ਬਿਜਲੀ ਬਿੱਲ ਬਕਾਇਆ ਹੈ। ਡਿਪਟੀ ਚੀਫ਼ ਇੰਜੀਨੀਅਰ ਨੇ ਕਿਹਾ ਇੰਦਰਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਭਵਨ ਵੱਲੋਂ ਬਕਾਇਆ ਰਾਸ਼ੀ ਦਾ ਕੋਈ ਪੈਸਾ ਵੀ ਜਮ੍ਹਾ ਨਹੀਂ ਕਰਵਾਇਆ ਗਿਆ ਤੇ ਜੇਕਰ ਕੁੰਡੀ ਲਾ ਕੇ ਬਿਜਲੀ ਚਲਾਈ ਜਾ ਰਹੀ ਹੈ ਤਾਂ ਇਸ 'ਤੇ ਵੀ ਨਜ਼ਰ ਰੱਖੀ ਜਾਵੇਗੀ। ਦੂਜੇ ਪਾਸੇ ਕਾਂਗਰਸ ਭਵਨ 'ਚ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਭਵਨ ਦੀ ਸਾਰੀ ਬਿਜਲੀ ਇੰਵਰਟਰ 'ਤੇ ਚਲਾਈ ਜਾ ਰਹੀ ਹੈ। ਪਰ ਜਦੋਂ ਛੱਤ 'ਤੇ ਜਾ ਕੇ ਦੇਖਿਆ ਗਿਆ ਤਾਂ ਇਕ ਕੱਟੀ ਹੋਈ ਤਾਰ ਨਾਲ ਇਕ ਵੱਖਰੀ ਤਾਰ ਜੋੜ ਕੇ ਸਿੱਧੀ ਮੇਨ ਤਾਰ ਤੋਂ ਕੁੰਡੀ ਲਾਈ ਗਈ ਸੀ। ਦੇਰ ਰਾਤ ਜਦੋਂ ਕਾਂਗਰਸ ਭਵਨ ਖਾਲੀ ਹੋਇਆ ਤਾਂ ਕੁੰਡੀ ਕੱਟ ਦਿੱਤੀ ਗਈ ਅਤੇ ਸਾਰਾ ਭਵਨ ਹਨੇਰੇ 'ਚ ਡੁੱਬ ਗਿਆ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।