ਇਟਲੀ ਤੋਂ ਅੰਮ੍ਰਿਤਸਰ ਪੁੱਜੇ ਸਿੱਖ ਨੌਜਵਾਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
Tuesday, Mar 28, 2023 - 10:06 PM (IST)

ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਤੋਂ ਆਏ ਸਿੱਖ ਨੌਜਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਗੁਰਦੁਆਰਾ ਸੰਗਤ ਸਭਾ ਤੈਰਾਨੋਵਾ (ਆਰੇਸੋ) ਦੇ ਸੈਕਟਰੀ ਹਰਪ੍ਰੀਤ ਸਿੰਘ ਜੀਰ੍ਹਾ ਅਤੇ ਉਨ੍ਹਾਂ ਨਾਲ ਇਟਲੀ ਤੋਂ ਪੰਜਾਬ ਆਏ ਸਿੱਖ ਨੌਜਵਾਨਾਂ ਦੇ ਵਫ਼ਦ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਸੰਗਤ ਸਭਾ (ਤੈਰਾਨੋਵਾ) ਇਟਲੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਸਜਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਲਈ ਸੱਦਾ ਪੱਤਰ ਦਿੰਦੇ ਹੋਏ ਇਟਲੀ ਦੀਆਂ ਸੰਗਤਾਂ ਵੱਲੋਂ ਸ਼ਮੂਲੀਅਤ ਲਈ ਬੇਨਤੀ ਕੀਤੀ ਗਈ|
ਦੱਸਣਯੋਗ ਹੈ ਕਿ ਭਾਈ ਹਰਪ੍ਰੀਤ ਸਿੰਘ ਜੀਰ੍ਹਾ ਜਿਥੇ ਤੈਰਾਨੋਵਾ ਗੁਰਦੁਆਰਾ ਸਾਹਿਬ ਵਿਖੇ ਸਟੇਜ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਹਨ, ਉੱਥੇ ਹੀ ਇਟਲੀ ’ਚ ਸਿੱਖ ਧਰਮ ਦੀ ਰਜਿਸਟੇਸ਼ਨ ਦੇ ਕਾਰਜਾਂ ਲਈ ਯਤਨਸ਼ੀਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਲਈ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਕਥਾਵਾਚਕ ਭਾਈ ਨਵਤੇਜ ਸਿੰਘ ਮੰਜੀ ਸਾਹਿਬ ਅੰਮ੍ਰਿਤਸਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਉਚੇਚੇ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਵੱਲੋਂ ਇਟਲੀ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ।