ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ''ਚ 3 ਰੋਜ਼ਾ ਸਮਾਗਮ ਕਰਵਾਇਆ
Monday, Jun 12, 2023 - 12:25 AM (IST)

ਮਿਲਾਨ/ਇਟਲੀ (ਸਾਬੀ ਚੀਨੀਆ) : ਸਿੱਖ ਕੌਮ ਦੇ ਮਹਾਨ ਯੋਧੇ ਬ੍ਰਹਮ ਗਿਆਨੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਇਟਲੀ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ 3 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। 3 ਦਿਨ ਚੱਲੇ ਗੁਰਬਾਣੀ ਪ੍ਰਵਾਹ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ, ਜਿਨ੍ਹਾਂ 'ਚ ਛੋਟੇ-ਛੋਟੇ ਬੱਚਿਆਂ ਨੇ ਗੁਰਬਾਣੀ ਕੀਰਤਨ ਨਾਲ ਹਾਜ਼ਰੀਆਂ ਭਰਦਿਆਂ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ। ਉਪਰੰਤ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਅਤੇ ਸਰਬਜੀਤ ਸਿੰਘ ਮਾਣਕਪੁਰੀ ਨੇ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਉਂਦਿਆਂ ਆਈਆਂ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕੀਤਾ।
ਇਹ ਵੀ ਪੜ੍ਹੋ : ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਬਾਬਾ ਬੀਰ ਸਿੰਘ ਜੀ ਦੀ ਯਾਦ 'ਚ ਕਪੂਰਥਲਾ ਦੇ ਪਿੰਡ ਠੱਟਾ ਨਵਾਂ ਤੇ ਪੁਰਾਣਾ ਵਿਖੇ 27 ਵਿਸਾਖ ਵਾਲੇ ਦਿਨ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ। ਇਸੇ ਹੀ ਤਰ੍ਹਾਂ ਇਟਲੀ 'ਚ ਰਹਿਣ ਵਾਲੀਆਂ ਸਿੱਖ ਸੰਗਤਾਂ ਵੱਲੋਂ ਬਾਬਾ ਬੀਰ ਸਿੰਘ ਦੇ ਦਿਹਾੜੇ ਨੂੰ ਹਰ ਸਾਲ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਵਧਦੀ ਗਰਮੀ ਨੂੰ ਵੇਖਦਿਆਂ ਨੌਜਵਾਨਾਂ ਨੇ ਸੰਗਤਾਂ ਨੂੰ ਠੰਡਾ-ਮਿੱਠਾ ਜਲ ਛਕਾਇਆ ਅਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਧਾਰਮਿਕ ਸਮਾਗਮ ਲਈ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਹੌਸਲਾ-ਅਫਜ਼ਾਈ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਿਨ੍ਹਾਂ ਸ਼ਖਸੀਅਤਾਂ ਦੇ ਦਿਹਾੜਿਆਂ ਨੂੰ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ, ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਗੁਰਸਿੱਖੀ ਜੀਵਨ ਬਿਤਾਉਣ ਲਈ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਦੇ ਸਿੰਘ ਸਜਣਾ ਚਾਹੀਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।