ਸਮਾਜ ਸੇਵੀ ਸੰਸਥਾ ''ਬੇਗਮਪੁਰਾ ਏਡ ਇੰਟਰਨੈਸ਼ਨਲ'' ਓਡਿਸ਼ਾ ਦੇ ਗਰੀਬ ਲੋਕਾਂ ਦੀ ਕਰੇਗੀ ਮਦਦ

Monday, Aug 21, 2023 - 02:13 AM (IST)

ਸਮਾਜ ਸੇਵੀ ਸੰਸਥਾ ''ਬੇਗਮਪੁਰਾ ਏਡ ਇੰਟਰਨੈਸ਼ਨਲ'' ਓਡਿਸ਼ਾ ਦੇ ਗਰੀਬ ਲੋਕਾਂ ਦੀ ਕਰੇਗੀ ਮਦਦ

ਰੋਮ (ਕੈਂਥ) : ਸਮਾਜ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੀ 'ਬੇਗਮਪੁਰਾ ਏਡ ਇੰਟਰਨੈਸ਼ਨਲ' ਨੂੰ ਭਾਰਤ ਦੇ ਓਡਿਸ਼ਾ ਸੂਬੇ ਦੇ ਪਿੰਡਾਂ ਵਿੱਚ ਵੱਸਦੇ ਜ਼ਰੂਰਤਮੰਦ ਲੋਕਾਂ ਨੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਗੁਹਾਰ ਲਾਉਂਦਿਆਂ ਦੱਸਿਆ ਕਿ ਪਿੰਡ ਵਿੱਚ 35 ਘਰਾਂ ਦਾ ਇਕ ਹੀ ਖੂਹ ਹੈ, ਜਿਹੜਾ ਕਿ ਗਰਮੀਆਂ 'ਚ ਸੁੱਕਣ ਕਾਰਨ ਦਿਨ ਵਿੱਚ 5-7 ਬਾਲਟੀਆਂ ਗੰਦੇ ਗਾਰੇ ਵਾਲੇ ਪਾਣੀ ਦੀਆਂ ਹੀ ਕੱਢਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰਾਂ ਭਾਈ ਰਾਮ ਸਿੰਘ ਮੈਂਗੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਓਡਿਸ਼ਾ ਦੇ ਆਦਿਵਾਸੀ ਇਲਾਕਿਆਂ ਵਿੱਚ ਜਾ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਕਰੇਗੀ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ ਦੇਖ ਸਹਿਮ ਗਿਆ ਮਾਸੂਮ, ਇੰਝ ਛੱਡ ਜਾਵੇਗਾ, ਪਰਿਵਾਰ ਨੇ ਸੋਚਿਆ ਨਹੀਂ ਸੀ

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਦੇ ਮੁੱਖ ਸੇਵਾਦਾਰ ਨੇ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਓਡਿਸ਼ਾ 'ਚ ਰਹਿ ਰਹੇ ਲੋਕਾਂ ਦੀ ਦੁਰਦਸ਼ਾ ਬਹੁਤ ਹੀ ਤਰਸਯੋਗ ਹੈ। ਭਾਵੇਂ ਕਿ ਦੇਸ਼ ਆਜ਼ਾਦ ਹੋਏ ਨੂੰ 76 ਸਾਲ ਹੋ ਗਏ ਹਨ ਪਰ ਓਡਿਸ਼ਾ ਸਟੇਟ ਜਾਂ ਫਿਰ ਭਾਰਤ ਦੇਸ਼ ਦੇ ਹੋਰ ਬਹੁਤ ਸਾਰੇ ਸੂਬਿਆਂ ਵਿੱਚ ਅੱਜ ਵੀ ਰਹਿ ਰਹੇ ਆਦਿਵਾਸੀਆਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਆਇਆ। ਅੱਜ ਵੀ ਲੋਕ ਰੋਟੀ, ਪਾਣੀ ਤੇ ਤਨ ਢਕਣ ਵਾਸਤੇ ਕੱਪੜਿਆਂ ਨੂੰ ਵੀ ਤਰਸ ਰਹੇ ਹਨ। ਆਦਿਵਾਸੀਆਂ ਦੀਆਂ ਬਸਤੀਆਂ ਵਿੱਚ ਹੈਂਡਪੰਪ ਤੱਕ ਨਹੀਂ ਹੈ। ਕੋਈ ਪੜ੍ਹਾਈ-ਲਿਖਾਈ ਲਈ ਸਕੂਲ ਨਹੀਂ, ਰੁਜ਼ਗਾਰ ਦਾ ਕੋਈ ਸਾਧਨ ਨਹੀਂ। ਹੋਰ ਤਾਂ ਹੋਰ ਔਰਤਾਂ ਕੋਲ ਤਨ ਢਕਣ ਵਾਸਤੇ ਕੱਪੜਾ ਤੱਕ ਨਹੀਂ ਹੈ। ਸਾਡੇ ਸਮਾਜ ਦੀਆਂ ਧੀਆਂ, ਭੈਣਾਂ, ਮਾਤਾਵਾਂ ਆਪਣਾ ਤਨ ਢਕਣ ਨੂੰ ਵੀ ਤਰਸ ਰਹੀਆਂ ਹਨ, ਜੋ ਕਿ ਬਹੁਤ ਹੀ ਦੁੱਖਦਾਈ ਗੱਲ ਹੈ।

ਇਹ ਵੀ ਪੜ੍ਹੋ : ਅਫ਼ਰੀਕਾ ਦੇ ਇਸ ਦੇਸ਼ 'ਚ ਹਮਲਾਵਰਾਂ ਵੱਲੋਂ ਕੀਤੀ ਅੰਨ੍ਹੇਵਾਹ ਗੋਲ਼ੀਬਾਰੀ 'ਚ 23 ਲੋਕਾਂ ਦੀ ਮੌਤ, 12 ਜ਼ਖ਼ਮੀ

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਓਡਿਸ਼ਾ ਦੀਆਂ ਬਸਤੀਆਂ ਵਿੱਚ ਰਹਿ ਰਹੀਆਂ ਔਰਤਾਂ ਦਾ ਤਨ ਢਕਣ ਦੀ ਕੋਸ਼ਿਸ਼ ਕਰੇਗੀ। ਬੱਚਿਆਂ ਦੀ ਪੜ੍ਹਾਈ 'ਚ ਮਦਦ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਵਿੱਚ ਮਦਦ ਵੀ ਕਰੇਗੀ। ਭਾਈ ਰਾਮ ਸਿੰਘ ਮੈਂਗੜਾ ਨੇ ਦੱਸਿਆ ਕਿ ਸਾਡੀ ਟੀਮ ਓਡਿਸ਼ਾ ਲਈ 28 ਅਗਸਤ ਨੂੰ ਜਲੰਧਰ ਤੋਂ ਬੱਸ ਰਾਹੀਂ ਰਵਾਨਾ ਹੋ ਕੇ ਦਿੱਲੀ ਏਅਰਪੋਰਟ 'ਤੇ ਪਹੁੰਚੇਗੀ। ਦੂਸਰੇ ਦਿਨ ਜਹਾਜ਼ ਰਾਹੀਂ ਓਡਿਸ਼ਾ ਸੂਬੇ ਦੇ ਪਿੰਡਾਂ ਵਿੱਚ ਪਹੁੰਚ ਜਾਵੇਗੀ। ਇਸ ਮਹਾਨ ਕਾਰਜ ਵਿੱਚ ਜੇਕਰ ਕੋਈ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News