ਜ਼ੇਲੇਂਸਕੀ ਦਾ ਵੱਡਾ ਕਦਮ, ਭਾਰਤ ਸਮੇਤ ਪੰਜ ਦੇਸ਼ਾਂ 'ਚ ਤਾਇਨਾਤ ਯੂਕ੍ਰੇਨੀ ਰਾਜਦੂਤ ਕੀਤੇ ਬਰਖਾਸਤ
Sunday, Jul 10, 2022 - 11:06 AM (IST)
ਕੀਵ (ਬਿਊਰੋ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਭਾਰਤ ਸਮੇਤ ਪੰਜ ਦੇਸ਼ਾਂ ਵਿੱਚ ਤਾਇਨਾਤ ਯੂਕ੍ਰੇਨ ਦੇ ਰਾਜਦੂਤਾਂ ਨੂੰ ਬਰਖਾਸਤ ਕਰ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਬਿਆਨ ਮੁਤਾਬਕ ਇਨ੍ਹਾਂ ਦੇਸ਼ਾਂ 'ਚ ਜਰਮਨੀ, ਭਾਰਤ, ਚੈੱਕ ਗਣਰਾਜ, ਨਾਰਵੇ ਅਤੇ ਹੰਗਰੀ ਸ਼ਾਮਲ ਹਨ। ਸਭ ਤੋਂ ਵੱਡੀ ਹੈਰਾਨੀ ਜਰਮਨੀ ਵਿੱਚ ਤਾਇਨਾਤ ਯੂਕ੍ਰੇਨ ਦੇ ਸੀਨੀਅਰ ਰਾਜਦੂਤ ਆਂਦਰੇ ਮੇਲਨਿਕ ਦੀ ਬਰਖਾਸਤਗੀ ਹੈ। ਉਹ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਸਭ ਤੋਂ ਵੱਧ ਬੋਲਿਆ ਸੀ। ਬਿਆਨ ਵਿੱਚ ਇਨ੍ਹਾਂ ਰਾਜਦੂਤਾਂ ਨੂੰ ਬਰਖਾਸਤ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਡਿਪਲੋਮੈਟਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਾਂ ਨਹੀਂ।
ਰਾਜਦੂਤਾਂ ਨੂੰ ਅਹੁਦੇ ਤੋਂ ਹਟਾਉਣ ਦੀ ਵਜ੍ਹਾ
24 ਫਰਵਰੀ ਤੋਂ ਰੂਸ ਦੇ ਹਮਲੇ ਦੇ ਘੇਰੇ ਵਿੱਚ ਆਏ ਯੂਕ੍ਰੇਨ ਨੂੰ ਸਹਾਇਤਾ ਲਈ ਜ਼ੇਲੇਂਸਕੀ ਲਗਾਤਾਰ ਅਪੀਲ ਕਰ ਰਹੇ ਹਨ। ਉਹਨਾਂ ਨੇ ਆਪਣੇ ਦੇਸ਼ ਦੇ ਡਿਪਲੋਮੈਟਾਂ ਨੂੰ ਦੁਨੀਆ ਭਰ ਵਿੱਚ ਯੂਕ੍ਰੇਨ ਲਈ ਅੰਤਰਰਾਸ਼ਟਰੀ ਸਮਰਥਨ ਅਤੇ ਫ਼ੌਜੀ ਸਹਾਇਤਾ ਜੁਟਾਉਣ ਦੀ ਵੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਿਸ਼ਨ 'ਚ ਅਸਫਲ ਰਹਿਣ ਕਾਰਨ ਜ਼ੇਲੇਂਸਕੀ ਨੇ ਆਪਣੇ ਪੰਜ ਰਾਜਦੂਤਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਥਾਂ 'ਤੇ ਅਜੇ ਤੱਕ ਨਵੇਂ ਰਾਜਦੂਤ ਨਿਯੁਕਤ ਨਹੀਂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮਰੀਜ਼ਾਂ ਨਾਲ ਧੋਖਾਧੜੀ ਤਹਿਤ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ
ਜਰਮਨੀ 'ਚ ਯੂਕ੍ਰੇਨ ਦੇ ਰਾਜਦੂਤ ਦੀ ਬਰਖਾਸਤਗੀ ਦੀ ਚਰਚਾ
ਜਰਮਨੀ ਨਾਲ ਯੂਕ੍ਰੇਨ ਦੇ ਸਬੰਧ ਬਹੁਤ ਮਹੱਤਵਪੂਰਨ ਹਨ। ਜਰਮਨੀ ਰੂਸੀ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਹੋਣ ਦੇ ਨਾਲ-ਨਾਲ ਯੂਰਪ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਅਜਿਹੇ 'ਚ ਜਰਮਨੀ 'ਚ ਯੂਕ੍ਰੇਨ ਦੇ ਰਾਜਦੂਤ ਆਂਦਰੇ ਮੇਲਨਿਕ ਦੀ ਬਰਖਾਸਤਗੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਂਡਰੇ ਮੇਲਨਿਕ ਨੂੰ ਜ਼ੇਲੇਂਸਕੀ ਦੀ ਪੂਰਵ ਸਰਕਾਰ ਦੁਆਰਾ 2014 ਦੇ ਅਖੀਰ ਵਿੱਚ ਜਰਮਨੀ ਵਿੱਚ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਸੀ। ਮੇਲਨਿਕ ਬਰਲਿਨ ਵਿੱਚ ਸਿਆਸਤਦਾਨਾਂ ਅਤੇ ਡਿਪਲੋਮੈਟਾਂ ਵਿੱਚ ਕਾਫ਼ੀ ਮਸ਼ਹੂਰ ਹੈ।
ਭਾਰਤ ਤੋਂ ਵੀ ਯੂਕ੍ਰੇਨ ਨੂੰ ਨਹੀਂ ਮਿਲੀ ਇੱਛਾ ਮੁਤਾਬਕ ਮਦਦ
ਰੂਸ ਨਾਲ ਯੁੱਧ ਵਿਚ ਯੂਕ੍ਰੇਨ ਦੀ ਇੱਛਾ ਭਾਰਤ ਤੋਂ ਹਰ ਸੰਭਵ ਮਦਦ ਲੈਣ ਸੀ ਪਰ ਭਾਰਤ ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਰੂਸ ਦਾ ਵਿਰੋਧ ਕਰਕੇ ਕਿਸੇ ਵੀ ਦੇਸ਼ ਦਾ ਸਮਰਥਨ ਨਹੀਂ ਕਰੇਗੀ। ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ 'ਚ ਰੂਸ ਖਿਲਾਫ ਲਿਆਂਦੇ ਮਤੇ 'ਤੇ ਭਾਰਤ ਨੇ ਹਰ ਵਾਰ ਵੋਟਿੰਗ ਦਾ ਬਾਈਕਾਟ ਕੀਤਾ। ਇਸ ਕਾਰਨ ਯੂਕ੍ਰੇਨ ਨੇ ਕਈ ਵਾਰ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਬਾਵਜੂਦ ਪੀ.ਐੱਮ. ਮੋਦੀ ਨੇ ਯੁੱਧ ਦੀ ਸ਼ੁਰੂਆਤ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ ਅਤੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।