ਯੋਸੇਮਾਈਟ ਨੈਸ਼ਨਲ ਪਾਰਕ ''ਚ ਅੱਗ ਦੇ ਬਾਅਦ ਲੋਕਾਂ ਨੂੰ ਹਟਾਉਣ ਦਾ ਕੰਮ ਜਾਰੀ
Wednesday, Jul 19, 2017 - 02:01 PM (IST)

ਮਾਰੀਪੋਸਾ— ਅਮਰੀਕਾ ਵਿਚ ਮੱਧ ਕੈਲੀਫੋਰਨੀਆ ਦੇ ਉਪ ਪਹਾੜੀ ਖੇਤਰ ਦੇ ਯੋਸੇਮਾਈਟ ਨੈਸ਼ਨਲ ਪਾਰਕ 'ਚ ਅੱਗ ਲੱਗਣ ਦੇ ਬਾਅਦ ਖੇਤਰ ਦੇ ਦੋ ਹਜ਼ਾਰ ਸਥਾਨਕ ਨਿਵਾਸੀਆਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਗਿਆ ਹੈ। ਅੱਗ ਦੀ ਵਜ੍ਹਾ ਨਾਲ ਅੱਠ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਫਾਇਰ ਬ੍ਰੀਗੇਡ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕੱਲ ਸਿਏਰਾ ਨੇਵਾਦਾ ਪਹਾੜੀ ਖੇਤਰ ਵਿੱਚ ਮਾਰੀਪੋਸਾ ਦੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਸਥਾਨਾਂ ਉੱਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਹ ਅੱਗ ਕੌਮੀ ਰਾਜ-ਮਾਰਗ 140 ਤੱਕ ਪਹੁੰਚ ਗਈ ਹੈ ਅਤੇ ਆਬਾਦੀ ਵਾਲੇ ਖੇਤਰਾਂ ਵੱਲ ਵੱਧਦੀ ਜਾ ਰਹੀ ਹੈ ਜਿਸ ਨਾਲ 1500 ਇਮਾਰਤਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਕੈਲੀਫੋਰਨੀਆ ਜੰਗਲ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਕਿਉਂਕਿ ਇਸ ਖੇਤਰ ਵਿੱਚ ਕਾਫ਼ੀ ਈਂਧਨ ਜਮਾਂ ਕਰਕੇ ਰੱਖਿਆ ਗਿਆ ਸੀ ਅਤੇ ਉਬੜ-ਖਾਬੜ ਜਗ੍ਹਾ ਹੋਣ ਕਾਰਨ ਅੱਗ ਬੁਝਾਉਣ ਵਿੱਚ ਕਾਫੀ ਔਕੜਾਂ ਆ ਰਹੀਆਂ ਹਨ। ਅੱਜ ਵੀ ਫਾਇਰ ਬ੍ਰੀਗੇਡ ਵਿਭਾਗ ਨੂੰ ਭੱਖਵੀਂ ਅੱਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਦੇ ਚੱਲਦੇ ਮਾਰੀਪੋਸਾ ਸ਼ਹਿਰ ਦੀ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਸੜਕਾਂ ਖਾਲੀ ਨਜ਼ਰ ਆ ਰਹੀਆਂ ਹਨ। ਇਹ ਅੱਗ ਐਤਵਾਰ ਦੁਪਹਿਰ ਨੂੰ ਲੱਗੀ ਸੀ ਅਤੇ ਹੁਣ ਤੱਕ ਇਸਦੀ ਲਪੇਟ ਵਿੱਚ 25,000 ਏਕੜ ਖੇਤਰ ਆ ਕੇ ਸੁਆਹ ਵਿੱਚ ਤਬਦੀਲ ਹੋ ਚੁੱਕਿਆ ਹੈ।