ਨਾਇਜ਼ੀਰੀਆ ''ਚ ''ਯੈਲੋ ਫੀਵਰ'' ਦਾ ਕਹਿਰ, ਹੁਣ ਤੱਕ 76 ਲੋਕਾਂ ਦੀ ਮੌਤ

Saturday, Nov 14, 2020 - 09:22 PM (IST)

ਨਾਇਜ਼ੀਰੀਆ ''ਚ ''ਯੈਲੋ ਫੀਵਰ'' ਦਾ ਕਹਿਰ, ਹੁਣ ਤੱਕ 76 ਲੋਕਾਂ ਦੀ ਮੌਤ

ਅਬੁਜਾ - ਪੱਛਮੀ ਅਫਰੀਕੀ ਦੇਸ਼ ਨਾਇਜ਼ੀਰੀਆ ਦੇ 3 ਸੂਬਿਆਂ ਵਿਚ ਯੈਲੋ ਫੀਵਰ (ਪੀਲਾ ਬੁਖਾਰ) ਮਹਾਮਾਰੀ ਦਾ ਰੂਪ ਲੈ ਚੁੱਕੀ ਹੈ ਅਤੇ ਨਵੰਬਰ ਦੇ ਪਹਿਲੇ 10 ਦਿਨਾਂ ਵਿਚ ਇਸ ਨਾਲ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਇਜ਼ੀਰੀਆ ਰੋਗ ਕੰਟਰੋਲ ਕੇਂਦਰ ਦੇ ਜਨਰਲ ਸਕੱਤਰ ਚਿਰਵੇ ਇਹੇਕੇਵਜੁ ਨੇ ਕਿਹਾ ਕਿ ਬੀਤੀਂ 1 ਤੋਂ 11 ਨਵੰਬਰ ਵਿਚਾਲੇ ਡੈਲਟਾ ਸੂਬੇ ਵਿਚ ਕੁਲ 35 ਮੌਤਾਂ, 33 ਮੌਤਾਂ ਐਨੁਗੂ ਸੂਬੇ ਵਿਚ ਅਤੇ 8 ਮੌਤਾਂ ਬਾਓਚੀ ਸੂਬੇ ਵਿਚ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਸੂਬਿਆਂ ਵਿਚ 222 ਸ਼ੱਕੀ ਮਾਮਲੇ ਅਤੇ 19 ਪੁਸ਼ਟ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਬੁਖਾਰ ਅਤੇ ਸਿਰ ਦਰਦ, ਥਕਾਵਟ, ਪੀਲੀਆ, ਢਿੱਡ ਵਿਚ ਦਰਦ, ਐਪੀਸਟੇਕਸਿਸ, ਮਲ ਜਾਂ ਮੂਤਰ ਵਿਚ ਖੂਨ ਨਿਕਲਣਾ ਜਿਹੇ ਲੱਛਣ ਪਾਏ ਗਏ। ਪ੍ਰਭਾਵਿਤ ਲੋਕਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਇਕ ਤੋਂ 55 ਸਾਲ ਦੀ ਉਮਰ ਦੇ ਮਰਦ ਸਨ। ਪ੍ਰਕੋਪ 'ਤੇ ਕੰਟਰੋਲ ਕਰਨ ਲਈ ਸਿਹਤ ਅਧਿਕਾਰੀ ਨੇ ਕਿਹਾ ਕਿ ਟੀਕਾਕਰਣ ਦੀ ਕਵਾਇਦ ਚੱਲ ਰਹੀ ਹੈ। ਯੈਲੋ ਫੀਵਰ ਜ਼ਿਆਦਾਤਰ ਇਕ ਵਾਇਰਸ ਦੇ ਕਾਰਣ ਹੁੰਦਾ ਹੈ ਜੋ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਬੁਖਾਰ ਦੇ ਟੀਕੇ ਦੀ ਇਕ ਖੁਰਾਕ ਨਾਲ ਰੋਗ ਨੂੰ ਰੋਕਿਆ ਜਾ ਸਕਦਾ ਹੈ, ਜੋ ਪ੍ਰਭਾਵਿਤ ਲੋਕਾਂ ਵਿਚ ਇਮਿਊਨਿਟੀ ਪ੍ਰਦਾਨ ਕਰਦਾ ਹੈ।


author

Khushdeep Jassi

Content Editor

Related News