ਸ਼ਿਨਜਿਆਂਗ : ਆਈਸੋਲੇਸ਼ਨ ਸੈਂਟਰ ਵਿਚ ਔਰਤਾਂ ਨੂੰ ਨਗਨ ਕਰਕੇ ਕੀਤਾ ਰਸਾਇਣ ਦਾ ਛਿੜਕਾਅ
Tuesday, Sep 01, 2020 - 12:05 AM (IST)
ਪੇਈਚਿੰਗ (ਭਾਸ਼ਾ)- ਚੀਨ ਵਿਚ ਕੋਰੋਨਾ ਕਹਿਰ ਦੇ ਸਿਖਰ 'ਤੇ ਰਹਿਣ ਦੌਰਾਨ ਪੁਲਸ ਵਲੋਂ ਗ੍ਰਿਫਤਾਰ ਕੀਤੀ ਗਈ ਮੱਧਮ ਉਮਰ ਵਰਗ ਦੀ ਇਕ ਉਈਗਰ ਮੁਸਲਿਮ ਮਹਿਲਾ ਨੇ ਹਵਾਲਾਤ ਦੀ ਭਿਆਨਕ ਕਹਾਣੀ ਦੱਸੀ ਹੈ। ਉਸ ਦੇ ਨਾਲ ਦਰਜਨਾਂ ਹੋਰ ਔਰਤਾਂ ਨੂੰ ਵੀ ਉਥੇ ਬੰਦ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਉਥੇ ਉਸ ਨੂੰ ਇਕ ਦਵਾਈ ਪੀਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਕਮਜ਼ੋਰੀ ਅਤੇ ਘਬਰਾਹਟ ਮਹਿਸੂਸ ਹੋਣ ਲੱਗੀ।
ਮਹਿਲਾ ਨੇ ਦੱਸਿਆ ਕਿ ਸ਼ਿਨਜਿਆਂਗ ਸਰਕਾਰ ਵਲੋਂ ਆਈਸੋਲੇਸ਼ਨ ਸੈਂਟਰ ਵਿਚ ਉਨ੍ਹਾਂ ਉਪਰ ਰੋਗਾਣੂੰਨਾਸ਼ਕ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਸੀ। ਇਸ ਦੇ ਲਈ ਉਸ ਨੂੰ ਅਤੇ ਹੋਰ ਮੁਸਲਿਮ ਔਰਤਾਂ ਨੂੰ ਹਫਤੇ ਵਿਚ ਇਕ ਵਾਰ ਮੂੰਹ ਢੱਕ ਕੇ ਨਗਨ ਹੋਣਾ ਪੈਂਦਾ ਸੀ। ਉਥੇ ਹੀ ਸਜ਼ਾ ਦੇ ਡਰ ਕਾਰਣ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਸ਼ਿਨਜਿਆਂਗ ਦੀ ਇਸ ਮਹਿਲਾ ਨੇ ਆਪਣੇ ਜੀਵਨ ਦੇ ਇਨ੍ਹਾਂ ਭਿਆਨਕ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਸੀ। ਉਸ ਨੇ ਕਿਹਾ ਕਿ ਮੇਰੇ ਹੱਥ ਖਰਾਬ ਹੋ ਗਏ, ਮੇਰੀ ਚਮੜੀ ਉਤਰਣ ਲੱਗੀ।