ਚੀਨ ''ਚ ਕੋਵਿਡ-19 ਦੇ ਦੂਜੇ ਦੌਰ ਦਾ ਖਦਸ਼ਾ, ਵੁਹਾਨ ''ਚ 1.1 ਕਰੋੜ ਲੋਕਾਂ ਦੀ ਹੋਵੇਗੀ ਜਾਂਚ

05/14/2020 11:35:57 AM

ਬੀਜਿੰਗ- ਚੀਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ, ਜਿਹਨਾਂ ਵਿਚ 12 ਮਰੀਜ਼ਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਦਿਖੇ। ਗਲੋਬਲ ਮਹਾਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦੇ ਖਦਸ਼ੇ ਦੇ ਵਿਚਾਲੇ ਇਸ ਜਾਨਲੇਵਾ ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਵਿਚ 1.1 ਕਰੋੜ ਲੋਕਾਂ ਦੀ ਕੋਵਿਡ-19 ਲਈ ਵੱਡੇ ਪੈਮਾਨੇ 'ਤੇ ਜਾਂਚ ਸ਼ੁਰੂ ਹੋ ਗਈ ਹੈ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਤਿੰਨ ਮਾਮਲੇ ਸਥਾਨਕ ਹਨ, ਜਿਹਨਾਂ ਵਿਚੋਂ ਦੋ ਲਿਆਓਨਿੰਗ ਸੂਬੇ ਤੇ ਇਕ ਜਿਲਿਨ ਸੂਬੇ ਵਿਚ ਸਾਹਮਣੇ ਆਇਆ ਹੈ। ਐਨ.ਐਚ.ਸੀ. ਨੇ ਦੱਸਿਆ ਕਿ ਬੁੱਧਵਾਰ ਤੱਕ ਚੀਨ ਮੁੱਖ ਭੂ-ਭਾਗ 'ਤੇ ਇਨਫੈਕਟਿਡਾਂ ਦੀ ਗਿਣਤੀ 82,929 ਸੀ, ਜਿਹਨਾਂ ਵਿਚੋਂ 101 ਮਰੀਜ਼ਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ। ਚੀਨ ਵਿਚ ਹੁਣ ਤੱਕ ਕੁੱਲ 4,633 ਲੋਕ ਇਸ ਇਨਫੈਕਸ਼ਨ ਰੋਗ ਦੇ ਚੱਲਦੇ ਜਾਨ ਗੁਆ ਚੁੱਕੇ ਹਨ। ਮਾਮਲੇ ਵਧਣ ਤੋਂ ਬਾਅਦ ਜਿਲਿਨ ਸ਼ਹਿਰ ਦੇ ਅਧਿਕਾਰੀਆਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਲਈ ਕਈ ਕਦਮ ਚੁੱਕੇ ਹਨ। ਜਿਲਿਨ ਦੀ ਉਪ-ਮੇਅਰ ਗਾਈ ਡੋਂਗਪਿੰਗ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਰੂਪ ਨਾਲ ਇਨਫੈਕਸ਼ਨ ਦੇ 21 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ ਦੋ ਮਰੀਜ਼ਾਂ ਨੂੰ ਬੀਮਾਰੀ ਦੇ ਲੱਛਣ ਨਹੀਂ ਸਨ। 

ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਹਾਲਾਤ ਬਹੁਤ ਗੰਭੀਰ ਤੇ ਜਟਿਲ ਹਨ ਤੇ ਇਸ ਨਾਲ ਇਨਫੈਕਸ਼ਨ ਦੇ ਹੋਰ ਫੈਲਣ ਦਾ ਖਤਰਾ ਹੈ। ਇਸ ਮਹਾਮਾਰੀ ਨੂੰ ਰੋਕਣ ਦੇ ਲਈ ਜਿਲਿਨ ਮਹਾਮਾਰੀ ਰੋਕਥਾਮ ਤੇ ਕੰਟਰੋਲ ਸਮੂਹ ਨੇ ਜਿਲਿਨ ਦੇ ਸ਼ਹਿਰੀ ਇਲਾਕੇ ਵਿਚ ਰੋਕਥਾਮ ਸਬੰਧੀ ਕਦਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਐਨ.ਐਚ.ਸੀ. ਨੇ ਦੱਸਿਆ ਕਿ 712 ਲੋਕਾਂ ਵਿਚ ਬੀਮਾਰੀ ਦੇ ਲੱਛਣ ਦਿਖਾਈ ਨਹੀਂ ਦਿੱਤੇ। ਇਹਨਾਂ ਵਿਚੋਂ ਹੁਬੇਈ ਸੂਬੇ ਤੇ ਉਸ ਦੀ ਰਾਜਧਾਨੀ ਵਿਚ 574 ਮਾਮਲੇ ਸ਼ਾਮਲ ਹਨ। ਵੁਹਾਨ ਵਿਚ ਸਥਾਨਕ ਸਿਹਤ ਕਮਿਸ਼ਨ ਨੇ ਕਿਹਾ ਕਿ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਕਿਸੇ ਨਵੇਂ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਇਸ ਵਿਚਾਲੇ ਵੁਹਾਨ ਨੇ ਆਪਣੀ 1.1 ਕਰੋੜ ਦੀ ਆਬਾਦੀ ਦੀ ਜਾਂਚ ਕਰਵਾਉਣ ਦੀ ਵਿਆਪਕ ਮੁਹਿੰਮ ਬੁੱਧਵਾਰ ਸ਼ੁਰੂ ਕਰ ਦਿੱਤੀ ਗਈ।


Baljit Singh

Content Editor

Related News