ਹੁਣ ਨੌਕਰੀ ਗੁਆ ਚੁੱਕੇ H1-B ਧਾਰਕਾਂ ਨੂੰ ਨਹੀਂ ਛੱਡਣਾ ਪਵੇਗਾ ਅਮਰੀਕਾ, USCIS ਨੇ 4 'Options' ਬਾਰੇ ਦਿੱਤੀ ਜਾਣਕਾਰੀ
Tuesday, Mar 28, 2023 - 11:25 AM (IST)
ਵਾਸ਼ਿੰਗਟਨ (ਭਾਸ਼ਾ)- ਟੈਕਨਾਲੋਜੀ ਖੇਤਰ ਵਿੱਚ ਵੱਡੇ ਪੱਧਰ 'ਤੇ ਛਾਂਟੀ ਦੇ ਦਰਮਿਆਨ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਕਿਹਾ ਹੈ ਕਿ ਇਹ ਮੰਨਣਾ ਗਲਤ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਤੋਂ ਕੱਢੇ ਜਾਣ 'ਤੇ 60 ਦਿਨਾਂ ਦੇ ਅੰਦਰ ਦੇਸ਼ ਛੱਡਣਾ ਪੈਂਦਾ ਹੈ। ਹਾਲਾਂਕਿ ਉਨ੍ਹਾਂ ਕੋਲ ਦੇਸ਼ 'ਚ ਰਹਿਣ ਦੇ ਕਈ ਵਿਕਲਪ ਹਨ। 'ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼' (ਐੱਫ.ਆਈ.ਆਈ.ਡੀ.ਐੱਸ.) ਨੂੰ ਲਿਖੇ ਇੱਕ ਪੱਤਰ ਵਿੱਚ ਯੂ.ਐੱਸ.ਸੀ.ਆਈ.ਐੱਸ. ਦੇ ਨਿਰਦੇਸ਼ਕ ਉਰ ਐੱਮ ਜੱਡੂ ਨੇ ਕਿਹਾ, "ਜਦੋਂ ਗੈਰ-ਪ੍ਰਵਾਸੀ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਵਿਕਲਪਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਕੁਝ ਮਾਮਲਿਆਂ ਵਿੱਚ ਗਲਤ ਤਰੀਕੇ ਨਾਲ ਇਹ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਕੋਲ 60 ਦਿਨਾਂ ਦੇ ਅੰਦਰ ਦੇਸ਼ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।'
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, 20 ਲੋਕਾਂ ਦੀ ਮੌਤ (ਵੀਡੀਓ)
ਨੌਕਰੀ ਤੋਂ ਕੱਢੇ ਗਏ ਐਚ-1ਬੀ ਵੀਜ਼ਾ ਧਾਰਕਾਂ ਲਈ ਕੰਮ ਕਰ ਰਹੇ, 'ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼' ਨੇ ਹਾਲ ਹੀ ਵਿੱਚ ਯੂ.ਐੱਸ.ਸੀ.ਆਈ.ਐੱਸ. ਨੂੰ ਤਕਨਾਲੋਜੀ ਖੇਤਰ ਵਿੱਚ ਛਾਂਟੀ ਦੇ ਪ੍ਰਭਾਵਾਂ ਬਾਰੇ ਪੱਤਰ ਲਿਖਿਆ ਸੀ ਅਤੇ ਦੇਸ਼ ਛੱਡਣ ਲਈ 60 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ, "ਅਸੀਂ ਤਕਨਾਲੋਜੀ ਖੇਤਰ ਵਿੱਚ ਨੌਕਰੀ ਤੋਂ ਕੱਢੇ ਗਏ ਲੋਕਾਂ ਦੀ ਸਮੱਸਿਆ ਤੋਂ ਖਾਸ ਤੌਰ 'ਤੇ ਜਾਣੂ ਹਾਂ।' ਯੂ.ਐੱਸ.ਸੀ.ਆਈ.ਐੱਸ. ਅਨੁਸਾਰ, ਜਦੋਂ ਗੈਰ-ਪ੍ਰਵਾਸੀ ਕਾਮੇ ਆਪਣੀ ਮਰਜ਼ੀ ਨਾਲ ਜਾਂ ਮਰਜ਼ੀ ਦੇ ਬਿਨਾਂ ਆਪਣੀ ਨੌਕਰੀ ਛੱਡ ਦਿੰਦੇ ਹਨ, ਤਾਂ ਉਨ੍ਹਾਂ ਕੋਲ ਆਮ ਤੌਰ 'ਤੇ 4 ਵਿਕਲਪ ਹੁੰਦੇ ਹਨ। ਇਹਨਾਂ ਵਿੱਚ ਗੈਰ-ਪ੍ਰਵਾਸੀ ਸਥਿਤੀ ਨੂੰ ਬਦਲਣ ਲਈ ਅਰਜ਼ੀ ਦਾਇਰ ਕਰਨਾ ਅਤੇ ਸਥਿਤੀ ਦੀ ਵਿਵਸਥਾ ਲਈ ਅਰਜ਼ੀ ਦਾਇਰ ਕਰਨਾ ਸ਼ਾਮਲ ਹੈ। USCIS ਨੇ ਕਿਹਾ ਕਿ ਉਹ "ਮਜ਼ਬੂਰ ਹਾਲਾਤਾਂ" ਵਿੱਚ ਰੁਜ਼ਗਾਰ ਅਧਿਕਾਰ ਦਸਤਾਵੇਜ਼ ਲਈ ਇਕ ਅਰਜ਼ੀ ਵੀ ਦਾਇਰ ਕਰ ਸਕਦੇ ਹਨ ਜਾਂ ਰੁਜ਼ਗਾਰਦਾਤਾ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ।
USCIS ਨੇ ਇੱਕ ਪੱਤਰ ਵਿੱਚ ਕਿਹਾ, "ਜੇਕਰ ਇਹਨਾਂ ਵਿੱਚੋਂ ਕੋਈ ਇਕ ਕਾਰਵਾਈ 60 ਦਿਨਾਂ ਦੀ ਮਿਆਦ ਦੇ ਅੰਦਰ ਕੀਤੀ ਜਾਂਦੀ ਹੈ, ਤਾਂ ਗੈਰ-ਪ੍ਰਵਾਸੀ ਅਧਿਕਾਰਤ ਤੌਰ 'ਤੇ 60 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਵਿਚ ਰਹਿ ਸਕਦੇ ਹਨ, ਭਾਵੇਂ ਉਹ ਆਪਣੀ ਪੁਰਾਣੀ ਗੈਰ-ਪ੍ਰਵਾਸੀ ਦੀ ਸਥਿਤੀ ਨੂੰ ਗੁਆ ਚੁੱਕੇ ਹੋਣ।' USCIS ਦੇ ਅਨੁਸਾਰ, ਜੇਕਰ ਕਰਮਚਾਰੀ ਰਿਆਇਤ ਮਿਆਦ ਦੇ ਅੰਦਰ ਕਾਰਵਾਈ ਨਹੀਂ ਕਰਦਾ ਹੈ, ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ 60 ਦਿਨਾਂ ਦੇ ਅੰਦਰ ਜਾਂ ਉਹਨਾਂ ਦੀ ਅਧਿਕਾਰਤ ਵੈਧ ਮਿਆਦ ਸਮਾਪਤ ਹੋਣ 'ਤੇ ਅਮਰੀਕਾ ਛੱਡਣਾ ਪੈ ਸਕਦਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ 2024 ਲਈ ਐੱਚ-1ਬੀ ਵੀਜ਼ਾ ਦੀ ਕਾਰਵਾਈ ਪ੍ਰਕਿਰਿਆ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸਾਰੇ ਯੋਗ ਬਿਨੈਕਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।