ਇਮਰਾਨ ਨੂੰ ਆਈ ਭਾਰਤ ਦੀ ਯਾਦ, ਕਿਹਾ- ਬਿਹਤਰ ਰਿਸ਼ਤਿਆਂ ਨਾਲ ਸੁਧਰੇਗੀ ਪਾਕਿ ਦੀ ਹਾਲਤ

01/23/2020 2:27:48 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਵਾਰ ਮੁੜ ਭਾਰਤ ਦੀ ਯਾਦ ਆਈ ਹੈ। ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਭਾਰਤ ਦੇ ਨਾਲ ਉਹਨਾਂ ਦੇ ਦੇਸ਼ ਦੇ ਸਬੰਧ ਆਮ ਹੋ ਜਾਣਗੇ ਤਾਂ ਦੁਨੀਆ ਨੂੰ ਪਾਕਿਸਤਾਨ ਦੀਆਂ ਆਰਥਿਕ ਸੰਭਾਵਨਾਵਾਂ ਦੇ ਬਾਰੇ ਪਤਾ ਲੱਗੇਗਾ। ਹਾਲਾਂਕਿ ਉਹਨਾਂ ਕਿਹਾ ਕਿ ਮੰਦਭਾਗਾ ਹੈ ਕਿ ਇਹ ਰਿਸ਼ਤੇ ਬਿਹਤਰ ਨਹੀਂ ਹਨ।

ਵਿਸ਼ਵ ਆਰਥਿਕ ਮੰਚ (ਡਬਲਿਊ.ਈ.ਐਫ.) 2020 ਵਿਚ ਬੁੱਧਵਾਰ ਨੂੰ ਆਪਣੇ ਵਿਸ਼ੇਸ਼ ਸੰਬੋਧਨ ਵਿਚ ਇਮਰਾਨ ਨੇ ਕਿਹਾ ਕਿ ਉਹਨਾਂ ਦਾ ਨਜ਼ਰੀਆ ਪਾਕਿਸਤਾਨ ਨੂੰ ਕਲਿਆਣਕਾਰੀ ਦੇਸ਼ ਬਣਾਉਣ ਦਾ ਹੈ। ਹਾਲਾਂਕਿ ਸ਼ਾਂਤੀ ਤੇ ਸਥਿਰਤਾ ਤੋਂ ਬਿਨਾਂ ਆਰਥਿਕ ਵਾਧਾ ਸੰਭਵ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਿਰਫ ਸ਼ਾਂਤੀ ਦੇ ਲਈ ਕਿਸੇ ਵੀ ਹੋਰ ਦੇਸ਼ ਨਾਲ ਹਿੱਸੇਦਾਰੀ ਕਰਨ ਲਈ ਤਿਆਰ ਹੈ। ਉਹਨਾਂ ਨੇ ਅਮਰੀਕਾ ਦੇ ਨਾਲ ਸਬੰਧ ਨੂੰ ਅਜਿਹੀ ਹੀ ਹਿੱਸੇਦਾਰੀ ਦੱਸਿਆ। ਇਮਰਾਨ ਨੇ ਕਿਹਾ ਕਿ ਸਾਡਾ ਦੂਜਾ ਸਭ ਤੋਂ ਵੱਡਾ ਗੁਆਂਢੀ ਭਾਰਤ ਹੈ। ਮੰਦਭਾਗਾ ਹੈ ਕਿ ਸਾਡੇ ਭਾਰਤ ਦੇ ਨਾਲ ਰਿਸ਼ਤੇ ਚੰਗੇ ਨਹੀਂ ਹਨ। ਮੈਂ ਉਹਨਾਂ ਸਾਰੀਆਂ ਗੱਲਾਂ ਵਿਚ ਨਹੀਂ ਜਾਣਾ ਚਾਹੁੰਦਾ ਪਰ ਇਕ ਵਾਰ ਭਾਰਤ ਦੇ ਨਾਲ ਸਾਡੇ ਰਿਸ਼ਤੇ ਆਮ ਹੋਣ ਤੋਂ ਬਾਅਦ ਦੁਨੀਆ ਨੂੰ ਪਾਕਿਸਤਾਨ ਦੀ ਅਸਲ ਰਣਨੀਤਿਕ ਉਪਯੋਗਤਾ ਦਾ ਪਤਾ ਲੱਗੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਕੋਲ ਪਹਾੜੀ ਟੂਰਿਜ਼ਮ ਦੀ ਵਿਆਪਕ ਸਮਰਥਾ ਹੈ। ਨਾਲ ਹੀ ਸਾਡੇ ਕੋਲ ਹਿੰਦੂ ਤੇ ਬੌਧ ਸਣੇ ਧਾਰਮਿਕ ਟੂਰਿਜ਼ਮ ਦੇ ਲਈ ਬਹੁਤ ਸੰਭਾਵਨਾਵਾਂ ਹਨ।

ਇਮਰਾਨ ਨੇ ਕਿਹਾ ਕਿ ਪਾਕਿਸਤਾਨ ਮੇਰੇ ਤੋਂ ਸਿਰਫ ਪੰਜ ਸਾਲ ਵੱਡਾ ਹੈ। ਸਾਡੇ ਸੰਸਥਾਪਕ ਪਾਕਿਸਤਾਨ ਨੂੰ ਇਸਲਾਮਿਕ ਕਲਿਆਣਕਾਰੀ ਦੇਸ਼ ਬਣਾਉਣਾ ਚਾਹੁੰਦੇ ਸਨ। ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਕਲਿਆਣ ਦਾ ਮਤਲਬ ਨਹੀਂ ਪਤਾ ਸੀ। ਜਦੋਂ ਮੈਂ ਇੰਗਲੈਂਡ ਗਿਆ ਤਾਂ ਮੈਨੂੰ ਇਸ ਦਾ ਮਤਲਬ ਪਤਾ ਲੱਗਿਆ। ਉਸ ਵੇਲੇ ਮੈਂ ਫੈਸਲਾ ਕੀਤਾ ਕਿ ਜਦੋਂ ਮੈਨੂੰ ਮੌਕਾ ਮਿਲੇਗਾ, ਮੈਂ ਪਾਕਿਸਤਾਨ ਨੂੰ ਕਲਿਆਣਕਾਰੀ ਬਣਾਉਣ ਦੇ ਲਈ ਕੰਮ ਕਰਾਂਗਾ।


Baljit Singh

Content Editor

Related News