ਇਹ ਹੈ 2023 'ਚ ਦੁਨੀਆ ਦਾ ਸਭ ਤੋਂ ਮਜ਼ਬੂਤ 'ਪਾਸਪੋਰਟ', ਜਾਣੋ ਭਾਰਤੀ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ

Wednesday, Jul 19, 2023 - 12:00 PM (IST)

ਇੰਟਰਨੈਸ਼ਨਲ ਡੈਸਕ- ਹਾਲ ਹੀ ਵਿੱਚ ਲੰਡਨ ਸਥਿਤ ਹੇਨਲੇ ਐਂਡ ਪਾਰਟਰਨਜ਼ ਵੱਲੋਂ 190 ਤੋਂ ਵੱਧ ਦੇਸ਼ਾਂ ਦੇ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ। ਹੇਨਲੇ ਪਾਸਪੋਰਟ ਇੰਡੈਕਸ ਅਨੁਸਾਰ ਸਿੰਗਾਪੁਰ ਦਾ ਪਾਸਪੋਰਟ ਹੁਣ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਸਿੰਗਾਪੁਰ ਨੇ ਇਹ ਮੁਕਾਮ ਹਾਸਲ ਕਰ ਕੇ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਹੈ। ਸਿੰਗਾਪੁਰ ਦਾ ਪਾਸਪੋਰਟ 192 ਗਲੋਬਲ ਮੰਜ਼ਿਲਾਂ 'ਤੇ ਵੀਜ਼ਾ-ਮੁਕਤ ਪ੍ਰਵੇਸ਼ ਦੀ ਆਗਿਆ ਦਿੰਦਾ ਹੈ। ਹੈਨਲੇ ਪਾਸਪੋਰਟ ਰੈਕਿੰਗ ਨੂੰ ਅਧਿਕਾਰਤ ਅਤੇ ਅਸਲੀ ਮੰਨਿਆ ਜਾਂਦਾ ਹੈ। ਇਹ ਪਿਛਲੇ 18 ਸਾਲਾਂ ਤੋਂ ਰੈਂਕਿੰਗ ਜਾਰੀ ਕਰਨ ਦਾ ਕੰਮ ਕਰ ਰਿਹਾ ਹੈ।

PunjabKesari

ਭਾਰਤ ਦੀ ਰੈਂਕਿੰਗ

ਇਸ ਵਾਰ ਭਾਰਤ ਨੇ ਆਪਣੀ ਰੈਂਕਿੰਗ ਵਿੱਚ ਕਾਫੀ ਸੁਧਾਰ ਦਿਖਾਇਆ ਹੈ। ਭਾਰਤੀ ਪਾਸਪੋਰਟ ਵਿੱਚ ਪੰਜ ਸਥਾਨਾਂ ਦਾ ਸੁਧਾਰ ਹੋਇਆ ਹੈ ਅਤੇ ਹੁਣ ਨਵੀਨਤਮ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ 80ਵੇਂ ਸਥਾਨ 'ਤੇ ਹੈ ਅਤੇ ਇਹ 57 ਸਥਾਨਾਂ 'ਤੇ ਵੀਜ਼ਾ-ਮੁਕਤ ਦਾਖਲੇ ਦੀ ਆਗਿਆ ਦਿੰਦਾ ਹੈ। ਪਿਛਲੀ ਵਾਰ ਭਾਰਤ ਰੈਂਕਿੰਗ 'ਚ 85ਵੇਂ ਸਥਾਨ 'ਤੇ ਸੀ। ਇਸ ਤੋਂ ਇਲਾਵਾ ਭਾਰਤੀ ਪਾਸਪੋਰਟ ਧਾਰਕਾਂ ਨੂੰ ਇੰਡੋਨੇਸ਼ੀਆ, ਥਾਈਲੈਂਡ ਅਤੇ ਰਵਾਂਡਾ ਵਰਗੇ ਦੇਸ਼ਾਂ ਵਿੱਚ ਵੀਜ਼ਾ-ਮੁਕਤ ਦਾਖਲਾ ਅਤੇ ਵੀਜ਼ਾ ਆਨ ਅਰਾਈਵਲ ਮਿਲਦਾ ਹੈ। ਹਾਲਾਂਕਿ ਭਾਰਤੀ ਨਾਗਰਿਕਾਂ ਨੂੰ ਦੁਨੀਆ ਭਰ ਦੇ 177 ਸਥਾਨਾਂ ਜਿਵੇਂ ਕਿ ਚੀਨ, ਜਾਪਾਨ, ਰੂਸ, ਸੰਯੁਕਤ ਰਾਜ ਅਤੇ ਪੂਰੇ ਯੂਰਪੀਅਨ ਯੂਨੀਅਨ ਵਿੱਚ ਦਾਖਲ ਹੋਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ।

PunjabKesari

ਜਾਪਾਨ ਦੀ ਰੈਂਕਿੰਗ

ਲੰਡਨ ਸਥਿਤ ਇਮੀਗ੍ਰੇਸ਼ਨ ਸਲਾਹਕਾਰ ਹੈਨਲੇ ਐਂਡ ਪਾਰਟਨਰਸ ਦੁਆਰਾ ਪ੍ਰਕਾਸ਼ਿਤ ਦਰਜਾਬੰਦੀ ਦੇ ਅਨੁਸਾਰ ਪੰਜ ਸਾਲ ਸਿਖਰ 'ਤੇ ਰਹਿਣ ਤੋਂ ਬਾਅਦ ਜਾਪਾਨ ਤੀਜੇ ਸਥਾਨ 'ਤੇ ਖਿਸਕ ਗਿਆ ਕਿਉਂਕਿ ਉਸਦੇ ਪਾਸਪੋਰਟਾਂ ਤੋਂ ਬਿਨਾਂ ਵੀਜ਼ਾ-ਮੁਕਤ ਸਥਾਨਾਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਅਮਰੀਕਾ ਜੋ ਕਰੀਬ ਇਕ ਦਹਾਕਾ ਪਹਿਲਾਂ ਰੈਂਕਿੰਗ 'ਚ ਸਿਖਰ 'ਤੇ ਸੀ ਹੁਣ ਦੋ ਸਥਾਨ ਖਿਸਕ ਕੇ ਅੱਠਵੇਂ ਸਥਾਨ 'ਤੇ ਆ ਗਿਆ ਹੈ। 

PunjabKesari

ਬੰਗਲਾਦੇਸ਼ ਅਤੇ ਨੇਪਾਲ ਪਾਕਿਸਤਾਨ ਨਾਲੋਂ ਬਿਹਤਰ 

ਆਰਥਿਕ ਸੰਕਟ ਵਿੱਚ ਘਿਰੇ ਪਾਕਿਸਤਾਨ ਨੂੰ ਪਿਛਲੇ ਸਾਲ ਇਸੇ ਸੂਚਕਾਂਕ ਵਿੱਚ ਚੌਥਾ ਸਭ ਤੋਂ ਖ਼ਰਾਬ ਪਾਸਪੋਰਟ ਐਲਾਨਿਆ ਗਿਆ ਸੀ। ਇਸ ਵਾਰ ਉਹ ਸੂਚਕਾਂਕ 'ਚ 100ਵੇਂ ਨੰਬਰ 'ਤੇ ਹੈ ਅਤੇ ਉਸ ਦੀ ਰੈਂਕਿੰਗ ਹੇਠਾਂ ਤੋਂ ਤੀਜੇ ਨੰਬਰ 'ਤੇ ਹੈ। ਬੰਗਲਾਦੇਸ਼ ਅਤੇ ਨੇਪਾਲ ਦੀ ਸਥਿਤੀ ਪਾਕਿਸਤਾਨ ਨਾਲੋਂ ਬਿਹਤਰ ਹੈ। ਜਿੱਥੇ ਬੰਗਲਾਦੇਸ਼ ਨੂੰ 96ਵਾਂ ਸਥਾਨ ਮਿਲਿਆ ਹੈ, ਉੱਥੇ ਹੀ ਨੇਪਾਲ ਨੂੰ 98ਵਾਂ ਸਥਾਨ ਮਿਲਿਆ ਹੈ। ਪਾਕਿਸਤਾਨ ਤੋਂ ਹੇਠਾਂ ਸਿਰਫ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : 1952 ਤੋਂ ਬਾਅਦ ਪਹਿਲੀ ਵਾਰ ਯੂਕੇ ਦੇ 'ਪਾਸਪੋਰਟ' 'ਚ ਹੋਈ ਵੱਡੀ ਤਬਦੀਲੀ

ਯੂਰਪ ਦੀ ਵਾਪਸੀ

ਬ੍ਰੈਗਜ਼ਿਟ ਕਾਰਨ ਆਈ ਮੰਦੀ ਤੋਂ ਬਾਅਦ ਬ੍ਰਿਟੇਨ ਦੋ ਸਥਾਨਾਂ ਦੀ ਛਾਲ ਮਾਰ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਆਖਰੀ ਵਾਰ ਉਹ ਇਸ ਰੈਂਕਿੰਗ 'ਤੇ ਸਾਲ 2017 'ਚ ਸੀ। ਯੂਰਪ ਫਿਰ ਤੋਂ ਵਾਪਸੀ ਕਰ ਰਿਹਾ ਹੈ। ਜਰਮਨੀ, ਇਟਲੀ ਅਤੇ ਸਪੇਨ ਵੀਜ਼ਾ ਫਰੀ ਐਂਟਰੀ ਦੇ ਨਾਲ 190 ਸਥਾਨਾਂ ਦੇ ਨਾਲ ਦੂਜੇ ਨੰਬਰ 'ਤੇ ਹਨ। ਜਦੋਂ ਕਿ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਇਲਾਵਾ ਆਸਟਰੀਆ, ਫਿਨਲੈਂਡ, ਫਰਾਂਸ, ਲਕਸਮਬਰਗ ਅਤੇ ਸਵੀਡਨ ਨੂੰ ਤੀਜੀ ਰੈਂਕਿੰਗ ਮਿਲੀ ਹੈ। ਇਨ੍ਹਾਂ ਸੱਤ ਦੇਸ਼ਾਂ ਦੇ ਨਾਗਰਿਕ ਬਿਨਾਂ ਵੀਜ਼ਾ 189 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਇੰਝ ਤੈਅ ਹੁੰਦੀ ਹੈ ਰੈਂਕਿੰਗ

ਇਹ ਰੈਂਕਿੰਗ ਸਾਲ ਵਿੱਚ ਦੋ ਵਾਰ ਜਾਰੀ ਕੀਤੀ ਜਾਂਦੀ ਹੈ। ਸੂਚਕਾਂਕ ਪਹਿਲੀ ਵਾਰ ਜਨਵਰੀ ਵਿੱਚ ਅਤੇ ਦੂਜੀ ਵਾਰ ਜੁਲਾਈ ਵਿੱਚ ਜਾਰੀ ਕੀਤੇ ਜਾਂਦੇ ਹਨ। ਹੈਨਲੇ ਪਾਸਪੋਰਟ ਵੀਜ਼ਾ ਇੰਡੈਕਸ ਦੀ ਵੈਬਸਾਈਟ ਅਨੁਸਾਰ - ਰੀਅਲਟਾਈਮ ਡੇਟਾ ਨੂੰ ਸਾਲ ਭਰ ਵਿੱਚ ਅਪਡੇਟ ਕੀਤਾ ਜਾਂਦਾ ਹੈ। ਵੀਜ਼ਾ ਨੀਤੀ ਵਿੱਚ ਬਦਲਾਅ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਡੇਟਾ ਇੰਟਰਨੈਸ਼ਨਲ ਟ੍ਰਾਂਸਪੋਰਟ ਐਸੋਸੀਏਸ਼ਨ (IATA) ਤੋਂ ਲਿਆ ਜਾਂਦਾ ਹੈ। ਰੈਂਕਿੰਗ ਇਸ ਗੱਲ 'ਤੇ ਅਧਾਰਤ ਹੈ ਕਿ ਕਿਸੇ ਦੇਸ਼ ਦਾ ਪਾਸਪੋਰਟ ਧਾਰਕ ਪਹਿਲਾਂ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਕਿੰਨੇ ਹੋਰ ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ। ਇਸ ਦੇ ਲਈ ਉਸ ਨੂੰ ਪਹਿਲਾਂ ਤੋਂ ਵੀਜ਼ਾ ਲੈਣ ਦੀ ਲੋੜ ਨਹੀਂ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News