ਕਤਰ ''ਚ ਤਨਖਾਹ ਨਾ ਮਿਲਣ ਨੂੰ ਲੈ ਕੇ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ
Saturday, May 23, 2020 - 11:49 PM (IST)

ਦੋਹਾ - ਕਤਰ ਵਿਚ ਹੋਈ ਇਕ ਦੁਰਲੱਭ ਘਟਨਾ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਤਨਖਾਹ ਨਾ ਮਿਲਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਤਰ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾਵਾਇਰਸ ਮਹਾਮਾਰੀ ਕਾਰਨ ਕਤਰ ਵਿਚ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਅਤੇ ਤੇਲ ਦੀਆਂ ਕੀਮਤਾਂ ਵੀ ਹੇਠਲੇ ਪੱਧਰ 'ਤੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਸ਼ੁੱਕਰਵਾਰ ਨੂੰ ਰਾਜਧਾਨੀ ਦੋਹਾ ਦੇ ਸ਼ੀਰੇਬ ਜ਼ਿਲੇ ਵਿਚ 100 ਤੋਂ ਜ਼ਿਆਦਾ ਵਿਅਕਤੀ ਮੁੱਖ ਸੜਕ ਬੰਦ ਕਰ ਤਾੜੀਆਂ ਵਜਾਉਂਦੇ ਅਤੇ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਜਦਕਿ ਪੁਲਸ ਮੂਕਦਰਸ਼ਕ ਬਣੀ ਹੋਈ ਹੈ।
ਲੇਬਰ ਮੰਤਰਾਲੇ ਨੇ ਇਕ ਬਿਆਨ ਵਿਚ ਆਖਿਆ ਕਿ ਤਨਖਾਹ ਵਿਚ ਦੇਰੀ ਨੂੰ ਲੈ ਕੇ 22 ਮਈ ਨੂੰ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਨੇ ਸ਼ੀਰੇਬ ਖੇਤਰ ਵਿਚ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਤੁਰੰਤ ਜਾਂਚ ਤੋਂ ਬਾਅਦ ਯਕੀਨਨ ਕਰਨ ਲਈ ਕਦਮ ਚੁੱਕੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸਾਰਿਆਂ ਦੀ ਦੀ ਤਨਖਾਹ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਨਾਲ ਹੀ ਤਨਖਾਹ ਭੁਗਤਾਨ ਨਾ ਕਰਨ ਵਾਲੀਆਂ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਭਰਪੂਰ ਤੇਲ ਸੰਪਦਾ ਵਾਲਾ ਖਾੜੀ ਦੇਸ਼ ਕਤਰ ਸਸਤੇ ਵਿਦੇਸ਼ੀ ਮਜ਼ਦੂਰਾਂ 'ਤੇ ਨਿਰਭਰ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ, ਸ਼੍ਰੀਲੰਕਾ ਅਤੇ ਨੇਪਾਲ ਦੇ ਹਨ।