ਤਾਲਿਬਾਨ ਦੀ ਦਾਦਾਗਿਰੀ, ਔਰਤਾਂ ਦੇ ਇਕੱਲੀਆਂ ਘਰੋਂ ਨਿਕਲਣ 'ਤੇ ਲਾਈ ਪਾਬੰਦੀ, ਮਰਦਾਂ ਨੂੰ ਦਾੜ੍ਹੀ ਰੱਖਣ ਦੇ ਹੁਕਮ
Monday, Jul 05, 2021 - 02:46 PM (IST)
ਕਾਬੁਲ: ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਆਪਣੇ ਨਿਯਮਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਨੇ ਪੂਰਬੀ-ਉਤਰੀ ਸੂਬੇ ਤਖਰ ਸਮੇਤ ਆਪਣੇ ਕਬਜ਼ੇ ਵਾਲੇ ਜ਼ਿਲ੍ਹਿਆਂ ਵਿਚ ਹੁਕਮ ਜਾਰੀ ਕੀਤਾ ਹੈ ਕਿ ਬੀਬੀਆਂ ਇਕੱਲੀਆਂ ਘਰੋਂ ਬਾਹਰ ਨਾ ਨਿਕਲਣ ਅਤੇ ਮਰਦਾਂ ਨੂੰ ਜ਼ਰੂਰੀ ਰੂਪ ਨਾਲ ਦਾੜ੍ਹੀ ਰੱਖਣੀ ਹੋਵੇਗੀ। ਇਕ ਅਖ਼ਬਾਰ ਨੇ ਸਮਾਜਿਕ ਕਾਰਜਕਰਤਾ ਮੇਰਾਜੁਦੀਨ ਸ਼ਰੀਫ ਦੇ ਹਵਾਲੇ ਤੋਂ ਇਹ ਰਿਪੋਰਟ ਦਿੱਤੀ ਹੈ।
ਸ਼ਰੀਫ ਨੇ ਦੱਸਿਆ ਕਿ ਤਾਲਿਬਾਨ ਨੇ ਕੁੜੀਆਂ ਲਈ ਦਾਜ ਦੇਣ ’ਤੇ ਵੀ ਨਵੇਂ ਨਿਯਮ ਬਣਾਏ ਹਨ। ਸਕੂਲ, ਕਲੀਨਿਕ ਆਦਿ ਬੰਦ ਹੋ ਗਏ ਹਨ। ਜ਼ਰੂਰੀ ਵਸਤੂਆਂ ਦੇ ਭਾਅ ਵੱਧਣ ਲੱਗੇ ਹਨ। ਤਾਲਿਬਾਨ ਨੇ ਦੇਸ਼ ਦੇ 419 ਵਿਚੋਂ 140 ਤੋਂ ਜ਼ਿਆਦਾ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ। ਤਖਰ ਦੇ ਗਵਰਨਰ ਅਬਦੁੱਲਾ ਕਾਰਲੁਕ ਨੇ ਕਿਹਾ ਕਿ ਤਾਲਿਬਾਨ ਨੇ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿਚ ਸਰਕਾਰੀ ਇਮਾਰਤਾਂ ਨਸ਼ਟ ਕਰ ਦਿੱਤੀਆਂ ਹਨ।
ਤਾਲਿਬਾਨ ਹੁਣ 170 ਹੋਰ ਜ਼ਿਲ੍ਹਿਆਂ ਨੂੰ ਕਬਜ਼ੇ ਵਿਚ ਲੈਣ ਲਈ ਲੜ ਰਿਹਾ ਹੈ। ਕਬੀਬ 50 ਹਜ਼ਾਰ ਤੋਂ ਜ਼ਿਆਦਾ ਅਫਗਾਨ ਨਾਗਰਿਕ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ। ਉਥੇ ਹੀ ਸੁਰੱਖਿਆ ਫੋਰਸਾਂ ਅਤੇ ਤਾਲਿਬਾਨ ਵਿਚਾਲੇ ਕਈ ਸੂਬਿਆਂ ਵਿਚ ਲੜਾਈ ਛਿੜੀ ਹੋਈ ਹੈ। ਫ਼ੌਜ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਨਾਂਗਰਹਾਰ, ਕੰਧਾਰ, ਹੇਰਾਤ, ਗੋਰ, ਫਰਾਹ, ਸਮਾਂਗਨ, ਹੇਲਮੰਦ, ਬਦਖ਼ਸ਼ਾਂ ਅਤੇ ਕਾਬੁਲ ਸੂਬਿਆਂ ਵਿਚ 143 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ।