ਸਕਾਟਲੈਂਡ: ਬਿਜਲੀ ਬਿੱਲਾਂ ਤੋਂ ਦੁਖੀ ਔਰਤ ਚਾਰ ਸਾਲ ਤੋਂ ਸਟੋਰਾਂ 'ਚ ਘੁੰਮ ਕੇ ਬਿਤਾ ਰਹੀ ਦਿਨ
Sunday, Jul 31, 2022 - 01:59 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਊਰਜਾ ਬਿੱਲਾਂ 'ਚ ਦਿਨ ਬ ਦਿਨ ਹੋ ਰਹੇ ਵਾਧੇ ਨੇ ਲੋਕਾਂ ਦੀ ਜਾਨ ਮੁੱਠੀ 'ਚ ਕੀਤੀ ਹੋਈ ਹੈ। ਕਿਸੇ ਦਾ ਜਿਉਣਾ ਐਨਾ ਵੀ ਦੁੱਭਰ ਹੋ ਸਕਦਾ ਹੈ ਕਿ ਇਸ ਕਰਕੇ ਹੀ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਘਰ ਨੂੰ ਜਿੰਦਰਾ ਲਗਾ ਕੇ ਬਾਹਰ ਨਿੱਕਲ ਤੁਰੇ। ਗਲਾਸਗੋ ਦੇ ਹੈਗਹਿਲ ਵਿੱਚ ਰਹਿੰਦੀ ਮਾਰਗਰੇਟ ਮੌਰਿਸ ਦਾ ਦੁੱਖ ਇਸੇ ਗੱਲ ਤੋਂ ਹੀ ਨਾਪਿਆ ਜਾ ਸਕਦਾ ਹੈ ਕਿ 51 ਸਾਲਾ ਮਾਰਗਰੇਟ ਮੌਰਿਸ ਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੇ ਘਰ ਵਿੱਚ ਹੀਟਿੰਗ ਚਾਲੂ ਨਹੀਂ ਕੀਤੀ। 21 ਸਾਲਾ ਅਪਾਹਜ ਪੁੱਤਰ ਸਕਾਟ ਦੀ ਮਾਂ ਮਾਰਗਰੇਟ ਨੇ ਦੱਸਿਆ ਕਿ ਉਹ ਆਪਣੇ-ਆਪ ਨੂੰ ਗਰਮ ਰੱਖਣ ਲਈ ਸਾਰਾ ਦਿਨ ਸ਼ਾਪਿੰਗ ਸੈਂਟਰਾਂ ਵਿੱਚ ਬਿਤਾਉਣ ਲਈ ਮਜਬੂਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਿਸਾਲ : 84 ਸਾਲ ਦੀ ਉਮਰ ’ਚ ਮੈਕਸੀਕੋ ਦੀ ਦਾਦੀ ਨੇ ਹਾਸਲ ਕੀਤੀ 'ਗ੍ਰੈਜੂਏਸ਼ਨ' ਦੀ ਡਿਗਰੀ
ਮਾਰਗਰੇਟ ਇੱਕ ਭੁਗਤਾਨ ਮੀਟਰ ਦੀ ਵਰਤੋਂ ਕਰਦੀ ਹੈ ਅਤੇ ਉਸਦਾ ਕਹਿਣਾ ਹੈ ਕਿ ਸਿਰਫ ਕੁਝ ਘੰਟਿਆਂ ਲਈ ਹੀਟਿੰਗ ਦਾ ਖਰਚਾ 10 ਤੱਕ ਪੌਂਡ ਹੋ ਸਕਦਾ ਹੈ। ਉਸ ਨੇ ਕਿਹਾ ਕਿ ਮੈਂ ਅਸਲ ਵਿੱਚ ਆਪਣੇ ਘਰ ਨੂੰ ਗਰਮ ਨਹੀਂ ਕਰ ਸਕਦੀ। ਮੇਰੇ ਕੋਲ ਗੈਸ ਸੈਂਟਰਲ ਹੀਟਿੰਗ ਹੈ ਅਤੇ ਇਹ ਹੀਟਿੰਗ ਪੈਸੇ ਖਾਂਦੀ ਹੈ। ਮਾਰਗਰੇਟ ਮੌਰਿਸ ਨੇ ਬੇਹੱਦ ਦੁੱਖ ਭਰੇ ਲਹਿਜੇ 'ਚ ਕਿਹਾ ਕਿ ਇਸੇ ਸਥਿਤੀ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹਨ ਪਰ ਉਹ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰਨਗੇ। ਨਾ ਹੀ ਉਹ ਆਪਣਾ ਦੁੱਖ ਸ਼ਰੇਆਮ ਬੋਲ ਕੇ ਦੱਸਣ ਦਾ ਹੌਂਸਲਾ ਕਰਦੇ ਹਨ। ਮਹਿੰਗਾਈ ਕਰਕੇ ਲੋਕ ਤਰਸਯੋਗ ਜੀਵਨ ਜਿਉਣ ਲਈ ਇਸ ਕਦਰ ਆਤੁਰ ਹੋ ਜਾਣਗੇ, ਸ਼ਾਇਦ ਸਕਾਟਲੈਂਡ ਵਿੱਚ ਇਹ ਕਿਸੇ ਨੇ ਸੁਪਨਾ ਵੀ ਨਾ ਲਿਆ ਹੋਵੇ। ਪਰ ਮਾਰਗਰੇਟ ਦੇ ਬੋਲ ਕਲੇਜਾ ਵਿੰਨ੍ਹਦੇ ਹਨ ਜਦੋਂ ਉਹ ਕਹਿੰਦੀ ਹੈ ਕਿ ਉਹ ਮਾਂ ਪੁੱਤ ਸਵੇਰੇ 8 ਵਜੇ ਘਰੋਂ ਬਾਹਰ ਨਿੱਕਲ ਜਾਂਦੇ ਹਨ ਅਤੇ ਹੀਟਿੰਗ ਦੇ ਖਰਚੇ ਕਾਰਨ ਰਾਤ ਨੂੰ 10 ਵਜੇ ਤੱਕ ਘਰ ਨਹੀਂ ਆਉਂਦੇ।