ਬੁਲਗਾਰੀਆ ''ਚ ਮਹਿਲਾ ਪੱਤਰਕਾਰ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ

10/08/2018 10:03:06 AM

ਰੋਮ/ਇਟਲੀ (ਕੈਂਥ)— ਬੇਸ਼ੱਕ ਪ੍ਰੈੱਸ ਦੀ ਆਜ਼ਾਦੀ ਲਈ ਪੂਰੀ ਦੁਨੀਆ ਰਜ਼ਾਮੰਦ ਹੈ ਪਰ ਫਿਰ ਵੀ ਦੁਨੀਆ ਭਰ ਵਿਚ ਮੌਕੇ ਦੀਆਂ ਹਾਕਮ ਧਿਰਾਂ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਜਦੋਂ ਚਾਹੁੰਣ ਚਿੱਟੇ ਦਿਨ ਕਤਲ ਕਰ ਰਹੀਆਂ ਹਨ। ਜਿਸ ਦੀ ਤਾਜ਼ਾ ਉਦਾਹਰਣ ਯੂਰਪੀਅਨ ਦੇਸ਼ ਬੁਲਗਾਰੀਆ ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ 30 ਸਾਲਾ ਮੁਟਿਆਰ ਟੀ.ਵੀ. ਪੱਤਰਕਾਰ ਵਿਕਟੋਰੀਆ ਮਰੀਨੋਵਾ ਨੂੰ ਅਪਰਾਧੀਆਂ ਨੇ ਜਬਰ-ਜ਼ਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ।ਮਿਲੀ ਜਾਣਕਾਰੀ ਮੁਤਾਬਕ ਉੱਤਰੀ ਬੁਲਗਾਰੀਆ ਦੇ ਸ਼ਹਿਰ ਰੂਸ ਦੇ ਸਥਾਨਕ ਟੀ.ਵੀ. ਚੈੱਨਲ ਵਿਚ ਇੱਕ ਪੱਤਰਕਾਰ ਵਜੋਂ ਕੰਮ ਕਰਨ ਵਾਲੀ ਵਿਕਟੋਰੀਆ ਮਰੀਨੋਵਾ (30) ਦੀ ਕਲ੍ਹ ਸ਼ਹਿਰ ਦੇ ਇੱਕ ਪਾਰਕ ਵਿਚ ਜਬਰ-ਜ਼ਨਾਹ ਕਰਨ ਉਪੰਰਤ ਹੱਤਿਆ ਕਰ ਦਿੱਤੀ।ਮ੍ਰਿਤਕਾ ਦੀ ਲਾਸ਼ ਪੁਲਸ ਨੂੰ ਪਾਰਕ ਵਿੱਚੋਂ ਮਿਲੀ।ਜਿੱਥਂੋ ਕਿ ਮ੍ਰਿਤਕਾ ਦਾ ਸੈੱਲ ਫੋਨ, ਕਾਰ ਦੀਆਂ ਚਾਬੀਆਂ, ਐਨਕਾਂ ਅਤੇ ਉਸ ਦੇ ਕੁਝ ਕੱਪੜੇ ਗਾਇਬ ਸਨ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਸਿਰ ਦੀ ਸੱਟ ਅਤੇ ਸਾਹ ਦਾ ਰੁੱਕਣਾ ਸੀ।

ਰਿਪੋਰਟ ਵਿਚ ਜਬਰ-ਜ਼ਨਾਹ ਦੀ ਵੀ ਪੁਸ਼ਟੀ ਹੋਈ ਹੈ। ਮੀਡੀਆ ਦੇ ਮੁਤਾਬਕ ਪੱਤਰਕਾਰ ਵਿਕਟੋਰੀਆ ਮਰੀਨੋਵਾ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ ਪਰ ਜਾਂਚ ਕਰਤਾ ਮੁਤਾਬਕ ਅਪਰਾਧ ਉਸ ਦੇ ਪੇਸ਼ੇ ਨਾਲ ਜੁੜਿਆ ਨਹੀਂ ਲੱਗਦਾ।ਰਿਪੋਟਰਜ਼ ਆਫ਼ ਬਾਡਰਜ਼ ਦੁਆਰਾ ਕੀਤੇ ਪ੍ਰੈੱਸ ਦੀ ਆਜ਼ਾਦੀ ਉੱਤੇ ਨਵੇਂ ਵਿਸ਼ਵ ਸਰਵੇਖਣ ਅਨੁਸਾਰ ਬੁਲਗਾਰੀਆ ਯੂਰਪ ਦੇ ਸਭ ਤੋਂ ਖਰਾਬ 180 ਸੂਬਿਆਂ ਵਿੱਚੋਂ 111ਵੇਂ ਨੰਬਰ ਉੱਤੇ ਹੈ।ਬੁਲਗਾਰੀਅਨ ਅਪਰਾਧੀ ਉਹਨਾਂ ਪੱਤਰਕਾਰਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਜਿਹੜੇ ਕਿ ਸੱਚ ਦੀ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਆਵਾਮ ਮੂਹਰੇ ਨੰਗਾ ਕਰਦੇ ਹਨ ।ਇਹ ਅਪਰਾਧੀ ਆਪਣੇ ਕੰਮਾਂ ਲਈ ਭ੍ਰਿਸ਼ਟ ਮੀਡੀਆ ਕਰਮਚਾਰੀਆਂ ਅਤੇ ਪ੍ਰਸ਼ਾਸ਼ਨ ਦਾ ਇਸਤੇਮਾਲ ਕਰਦੇ ਹਨ।

ਬੁਲਗਾਰੀਆ ਵਿਚ ਸਥਿਤ ਯੂਰਪੀਅਨ ਪੱਤਰਕਾਰ ਯੂਨੀਅਨ ਮੁਤਾਬਕ ਖੇਤਰੀ ਅਤੇ ਸਥਾਨਕ ਮੀਡੀਆ ਦੇ ਪੱਤਰਕਾਰਾਂ ਦਾ ਅਜਿਹੀਆਂ ਘਟਨਾਵਾਂ ਵਿਚ ਖਾਸ ਤੌਰ ਤੇ ਖੁਲਾਸਾ ਹੁੰਦਾ ਹੈ। ਇਸ ਤੋਂ ਇਲਾਵਾ ਬੁਲਗਾਰੀਆ ਵਿਚ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ।ਇਟਲੀ ਦੇ ਪੱਤਰਕਾਰਾਂ ਦੀ ਜੱਥੇਬੰਦੀ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਨੇ ਮਰਹੂਮ ਪੱਤਰਕਾਰ ਵਿਕਟੋਰੀਆ ਮਰੀਨੋਵਾ ਦੀ ਹੋਈ ਹੱਤਿਆ ਅਤੇ ਜਬਰ-ਜ਼ਨਾਹ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਜੱਥੇਬੰਦੀ ਬੁਲਗਾਰੀਆ ਸਰਕਾਰ ਤੋਂ ਇਸ ਕੇਸ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ।


Related News