ਕੈਨੇਡਾ 'ਚ ਕਿਸੇ ਹੋਰ ਦੇ ਨਾਮ ਹੇਠ ਨਕਲੀ ਨਰਸ ਬਣਕੇ ਨੌਕਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ
Friday, Nov 26, 2021 - 02:27 PM (IST)
ਨਿਊਯਾਰਕ /ਵੈਨਕੂਵਰ (ਰਾਜ ਗੋਗਨਾ): ਕੈਨੇਡਾ 'ਚ ਵੈਨਕੂਵਰ ਪੁਲਸ ਨੇ ਇਕ ਔਰਤ ਨੂੰ ਕਿਸੇ ਹੋਰ ਦੇ ਨਾਮ ਹੇਠ ਨਕਲੀ ਨਰਸ ਬਣਕੇ ਜਾਲਸਾਜ਼ੀ ਨਾਲ ਨੌਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਔਰਤ ਦੀ ਪਛਾਣ 49 ਸਾਲਾ ਬ੍ਰਿਜਿਟ ਕਲੇਰੌਕਸ ਵਜੋਂ ਹੋਈ ਹੈ। ਉਸ ''ਤੇ ਜੂਨ 2020 ਤੋਂ ਜੂਨ 2021 ਦਰਮਿਆਨ ਬੀ.ਸੀ. ਵੂਮੈਨ ਹਸਪਤਾਲ ਵਿਚ ਧੋਖਾਧੜੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਉਸ 'ਤੇ ਇਹੋ ਜਿਹੇ ਹੀ ਦੋਸ਼ ਉਨਟਾਰੀਓ ਵਿਚ ਵੀ ਲੱਗ ਚੁੱਕੇ ਹਨ ਤੇ ਹੁਣ ਵੀ ਲੱਗੇ ਹਨ। ਉਸ 'ਤੇ ਕੈਲਗਰੀ ਵਿਖੇ ਵੀ ਜਾਅਲੀ ਸਾਇੰਸ ਟੀਚਰ ਵਜੋਂ ਕੰਮ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਵੈਨਕੂਵਰ ਪੁਲਸ ਦੇ ਨਾਲ ਹੀ ਉਸ 'ਤੇ ਓਟਾਵਾ ਪੁਲਸ ਨੇ ਵੀ ਇਹੋ ਜਿਹੇ ਹੀ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਉਹ ਪਿਛਲੇ 30 ਸਾਲਾਂ 'ਚ ਵੱਖ-ਵੱਖ ਜਾਲਸਾਜ਼ੀਆ ਦੇ ਮਾਮਲਿਆਂ 'ਚ ਵੀ ਸਜ਼ਾਵਾ ਭੁਗਤ ਚੁੱਕੀ ਹੈ।