ਮਮਦਾਨੀ ਨਾਲ ਮੁਲਾਕਾਤ ਦੌਰਾਨ ਮਸਲੇ ਦਾ ‘ਕੋਈ ਨਾ ਕੋਈ ਹੱਲ ਕੱਢਣ’ ਦੀ ਕੋਸ਼ਿਸ਼ ਕਰਾਂਗੇ : ਟਰੰਪ
Tuesday, Nov 18, 2025 - 10:00 AM (IST)
ਪਾਮ ਬੀਚ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਕਿ ਉਹ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਆਪਣੇ ਅਤੇ ਮਮਦਾਨੀ ਦਰਮਿਆਨ ਪੈਦਾ ਹੋਏ ਮਸਲੇ ਦਾ ‘ਕੋਈ ਨਾ ਕੋਈ ਹੱਲ ਕੱਢ ਲੈਣਗੇ।’ ਇਸ ਨੂੰ ਰਿਪਬਲਿਕਨ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਨੇਤਾ ਵਿਚਕਾਰ ਸੰਭਾਵੀ ਨਰਮੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ, ਜੋ ਮਹੀਨਿਆਂ ਤੋਂ ਇਕ-ਦੂਜੇ ਨੂੰ ਰਾਜਨੀਤਕ ਵਿਰੋਧੀ ਵਜੋਂ ਪੇਸ਼ ਕਰਦੇ ਆ ਰਹੇ ਹਨ।
ਟਰੰਪ ਲੰਬੇ ਸਮੇਂ ਤੋਂ ਮਮਦਾਨੀ ਦੀ ਆਲੋਚਨਾ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਝੂਠਾ ‘ਕਮਿਊਨਿਸਟ’ ਕਹਿੰਦੇ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਸੀ ਕਿ ਜੇਕਰ ਮਮਦਾਨੀ ਨੂੰ ਮੇਅਰ ਚੁਣਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਜੱਦੀ ਸ਼ਹਿਰ ਨਿਊਯਾਰਕ ਤਬਾਹ ਹੋ ਜਾਵੇਗਾ। ਟਰੰਪ ਨੇ ਮਮਦਾਨੀ ਨੂੰ ਦੇਸ਼ ਨਿਕਾਲਾ ਦੇਣ ਅਤੇ ਸ਼ਹਿਰ ਤੋਂ ਸੰਘੀ ਫੰਡ ਵਾਪਸ ਲੈਣ ਦੀ ਧਮਕੀ ਵੀ ਦਿੱਤੀ ਸੀ।
ਮਮਦਾਨੀ ਦਾ ਜਨਮ ਯੂਗਾਂਡਾ ਵਿਚ ਹੋਇਆ ਸੀ ਪਰ ਉਹ ਇਕ ਅਮਰੀਕੀ ਨਾਗਰਿਕ ਬਣ ਚੁੱਕੇ ਹਨ। ਮੇਅਰ ਚੋਣਾਂ ਤੋਂ ਪਹਿਲਾਂ ਮਮਦਾਨੀ ਖ਼ਬਰਾਂ ਵਿਚ ਘੱਟ ਹੀ ਸਨ ਪਰ ਇਸ ਤੋਂ ਬਾਅਦ ਉਹ ਇਕ ਤੇਜ਼-ਤਰਾਰ ਨੇਤਾ ਵਜੋਂ ਉਭਰੇ ਅਤੇ ਸੋਸ਼ਲ ਮੀਡੀਆ ’ਤੇ ਵੀ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।
