ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ’ਚ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਖੋਲ੍ਹਿਆ ਰਾਹਤ ਕੇਂਦਰ

Wednesday, Jun 02, 2021 - 12:51 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ਦੀਆਂ ਕਾਉਂਟੀਆਂ ਵੱਲੋਂ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ । ਇਨ੍ਹਾਂ ਜੰਗਲੀ ਅੱਗਾਂ ਨਾਲ ਜਿੱਥੇ ਵੱਡੇ ਪੱਧਰ ’ਤੇ ਤਬਾਹੀ ਹੁੰਦੀ ਹੈ, ਉੱਥੇ ਹੀ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਵੀ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਹੀ ਮੁਸ਼ਕਿਲ ਦਾ ਸਾਹਮਣਾ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ’ਚ ਜੰਗਲੀ ਅੱਗ ਕਾਰਨ ਕੇਰਕਫ ਝੀਲ ਦੇ ਨੇੜਲੇ ਵਸਨੀਕ ਕਰ ਰਹੇ ਹਨ। ਕੈਲ ਫਾਇਰ ਦੇ ਅਧਿਕਾਰੀਆਂ ਅਨੁਸਾਰ ਇਹ ਜੰਗਲੀ ਅੱਗ ਜਿਸ ਦਾ ਨਾਂ ‘ਸਮੈਲੀ ਫਾਇਰ’ ਹੈ, ਦੇ ਨਾਲ 45 ਏਕੜ ਜੰਗਲ ਸੜ ਗਏ ਹਨ। ਫਾਇਰ ਡਿਪਾਰਟਮੈਂਟ ਦੇ ਕਰਮਚਾਰੀ ਉੱਤਰੀ ਫੋਰਕ ਦੇ ਬਿਲਕੁਲ ਦੱਖਣ ਵਿੱਚ, ਰੋਡ 222 ਦੇ ਨੇੜੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕੋਰੀਨ ਲੇਕ ਰੋਡ ਖੇਤਰ ਹੇਠਾਂ ਸਾਰੇ ਵਸਨੀਕ ਘਰ ਖਾਲੀ ਕਰਨ ਦੇ ਹੁਕਮਾਂ ਅਧੀਨ ਹਨ। ‘ਸਮੈਲੀ ਫਾਇਰ’ ਲੱਗਣ ਦੀ ਰਿਪੋਰਟ ਸੋਮਵਾਰ ਦੁਪਹਿਰ ਤੋਂ ਬਾਅਦ ਕੀਤੀ ਗਈ ਸੀ, ਜੋ ਬਹੁਤ ਹੀ ਦੂਰ-ਦੁਰਾਡੇ ਦੇ ਖੇਤਰਾਂ ’ਚ ਪਹੁੰਚ ਰਹੀ ਹੈ।

ਇਸ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਕਰਨ ਲਈ ਰੈੱਡ ਕਰਾਸ ਵੱਲੋਂ ਇੱਕ ਰਾਹਤ ਕੇਂਦਰ ਖੋਲ੍ਹਿਆ ਗਿਆ ਹੈ। ਰੈੱਡ ਕਰਾਸ ਨੇ 39800 ਰੋਡ 425 ਬੀ 'ਤੇ ਸਥਿਤ ਓਖੁਰਸਟ ਕਮਿਊਨਿਟੀ ਸੈਂਟਰ ’ਚ ਆਪਣਾ ਇੱਕ ਰਾਹਤ ਕੇਂਦਰ ਖੋਲ੍ਹਿਆ ਹੈ। ਇਸ ਕੇਂਦਰ ’ਚ ਰੈੱਡ ਕਰਾਸ ਦੇ ਵਾਲੰਟੀਅਰ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਰਹੇ ਹਨ ਅਤੇ ਇਸ ਵਿੱਚ ਲੋਕਾਂ ਲਈ ਅਸਥਾਈ ਰਿਹਾਇਸ਼ ਦੇ ਨਾਲ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।


Manoj

Content Editor

Related News