NSW ''ਚ ਭਾਰੀ ਮੀਂਹ ਤੇ ਬਰਫਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ, ਇਕ ਦੀ ਮੌਤ

08/10/2019 2:09:28 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸ਼ਨੀਵਾਰ ਨੂੰ 'ਬਲੂ ਮਾਊਂਟੇਨਜ਼' ਇਲਾਕੇ 'ਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿਕਟੋਰੀਆ 'ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਇਕ ਦਰੱਖਤ ਕਾਰ 'ਤੇ ਡਿੱਗ ਗਿਆ। ਇਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਬੱਚੇ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਇਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਨਿਊ ਸਾਊਥ ਵੇਲਜ਼ 'ਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਜਿਸ ਕਾਰਨ ਬੀਮਾਰੀਆਂ ਵਧਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਹਿਲਾਂ ਸਿਡਨੀ 'ਚ ਤੂਫਾਨੀ ਹਵਾਵਾਂ ਵਗਣ ਦੇ ਅਲਰਟ ਜਾਰੀ ਹੋਏ ਸਨ ਜੋ ਰੱਦ ਕਰ ਦਿੱਤੇ ਗਏ ਪਰ ਫਿਰ ਵੀ ਤੇਜ਼ ਹਵਾਵਾਂ ਵਗਣ ਦਾ ਅਲਰਟ ਜਾਰੀ ਹੈ। ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।

ਪੁਲਸ ਨੇ ਮੋਟਰਸਾਈਕਲ ਸਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਧਿਆਨ ਦੇਣ। ਉਨ੍ਹਾਂ ਦੱਸਿਆ ਕਿ ਜਿੰਦਾਬਾਇਨ ਦੀਆਂ ਸੜਕਾਂ ਬਰਫ ਨਾਲ ਭਰੀਆਂ ਹਨ ਅਤੇ ਇੱਥੇ ਕਈ ਵਾਹਨ ਆਪਸ 'ਚ ਟਕਰਾਏ। ਇਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਦਦ ਮੰਗਣ ਵਾਲੇ ਹਜ਼ਾਰਾਂ ਲੋਕਾਂ ਦੇ ਫੋਨ ਆ ਰਹੇ ਹਨ। ਕਈ ਥਾਵਾਂ 'ਤੇ ਤੇਜ਼ ਹਵਾਵਾਂ ਕਾਰਨ ਦਰੱਖਤ ਡਿੱਗ ਗਏ ਹਨ ਤੇ ਕਈਆਂ ਦੇ ਘਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਕਈ ਵਾਹਨ ਬਰਫ ਭਰੀਆਂ ਸੜਕਾਂ 'ਚ ਫਸ ਗਏ ਹਨ। ਕਿਹਾ ਜਾ ਰਿਹਾ ਹੈ ਕਿ ਅਜੇ ਇਕ-ਦੋ ਦਿਨ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ।


Related News