ਔਰਤਾਂ ਬਾਰੇ ਕੀ ਸੋਚਦੇ ਹਨ ਪੁਰਸ਼ ? ਆਨਲਾਈਨ INCEL ਮੂਵਮੈਂਟ ਨੇ ਛੇੜੀ ਨਵੀੱ ਚਰਚਾ
Tuesday, Dec 09, 2025 - 05:00 PM (IST)
ਇੰਟਰਨੈਸ਼ਨਲ ਡੈਸਕ : ਸਾਲ 2025 ਖ਼ਤਮ ਹੋਣ ਜਾ ਰਿਹਾ ਹੈ। ਜੇਕਰ ਇਸ ਸਾਲ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕਰਨ ਵਾਲੇ ਸ਼ਬਦ ਦੀ ਗੱਲ ਕੀਤੀ ਜਾਵੇ ਤਾਂ ਇਨਸੈਲ (INCEL) ਸ਼ਬਦ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ।
ਦਰਅਸਲ ਇਹ ਸ਼ਬਦ ਅਜਿਹੇ ਪੁਰਸ਼ਾਂ ਲਈ ਇਸਤੇਮਾਲ ਹੁੰਦਾ ਹੈ, ਜਿਹੜੇ ਮਹਿਲਾਵਾਂ ਨੂੰ ਆਕਰਸ਼ਿਤ ਨਹੀਂ ਕਰ ਪਾਉਂਦੇ। ਇਨ੍ਹਾਂ ਪੁਰਸ਼ਾਂ ਨੇ ਮਿਲ ਕੇ ਆਨਲਾਈਨ ਗਰੁੱਪ ਬਣਾ ਲਏ। ਪੁਰਸ਼ਾਂ ਦੇ ਬਣਾਏ ਇਹ ਆਨਲਾਈਨ ਗਰੁੱਪ ਹੌਲੀ-ਹੌਲੀ 'ਹੇਟ ਗਰੁੱਪ' 'ਚ ਬਦਲ ਗਏ। ਇਹ ਗਰੁੱਪ ਇੰਨੇ ਖ਼ਤਰਨਾਕ ਬਣ ਗਏ ਕਿ ਰੂਸ ਵਰਗੇ ਕਈ ਦੇਸ਼ਾਂ ਨੂੰ ਇਨ੍ਹਾਂ 'ਤੇ ਪਾਬੰਦੀਆਂ ਲਗਾਉਣੀਆਂ ਪਈਆਂ।
ਇਸ ਸੋਚ ਵਾਲੇ ਪੁਰਸ਼ਾਂ ਨੂੰ ਮਹਿਲਾਵਾਂ ਤੋਂ ਨਫਰਤ ਹੋਣ ਲੱਗ ਪਈ। ਮਹਿਲਾਵਾਂ ਨੂੰ ਆਕਰਸ਼ਿਤ ਨਾ ਕਰ ਸਕਣ ਵਾਲੇ ਇਨ੍ਹਾਂ ਪੁਰਸ਼ਾਂ ਨੇ ਆਪਣੇ ਜੀਵਨ 'ਚ ਪਿਆਰ ਦੀ ਕਮੀ ਲਈ ਮਹਿਲਾਵਾਂ ਨੂੰ ਜ਼ਿੰਮੇਵਾਰ ਦੱਸਿਆ। ਪੁਰਸ਼ਾਂ ਦਾ INCEL ਮੂਵਮੈਂਟ ਮਹਿਲਾਵਾਂ ਲਈ ਅੱਜ ਸਭ ਤੋਂ ਖਤਰਨਾਕ ਟਰੈਂਡ ਬਣਦਾ ਜਾ ਰਿਹਾ ਹੈ। ਸਮੇਂ ਨਾਲ ਇਸ ਗਰੁੱਪ ਦੀ ਕਮਿਊਨਿਟੀ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਪੁਰਸ਼ਾਂ ਨੇ ਆਪਣੀ ਨਿੱਜੀ ਪ੍ਰੇਸ਼ਾਨੀ ਅਤੇ ਰਿਸ਼ਤੇ ਟੁੱਟਣ ਦਾ ਦੋਸ਼ ਮਹਿਲਾਵਾਂ 'ਤੇ ਲਗਾਉਣਾ ਸ਼ੁਰੂ ਕਰ ਦਿੱਤਾ।
ਆਨਲਾਈਨ ਪਲੇਟਫਾਰਮ 'ਤੇ ਪੁਰਸ਼ਾਂ ਦੀ ਮਹਿਲਾਵਾਂ ਪ੍ਰਤੀ ਨਫਰਤ ਦਿਨੋ-ਦਿਨ ਵਧਦੀ ਗਈ ਅਤੇ ਇਨ੍ਹਾਂ ਪੁਰਸ਼ਾਂ ਨੇ ਅੰਦਰਖਾਤੇ ਹਿੰਸਕ ਰੂਪ ਧਾਰਨ ਕਰਦਿਆਂ ਮਹਿਲਾਵਾਂ 'ਤੇ ਹਮਲੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਸਰਕਾਰਾਂ ਨੇ ਅਜਿਹੇ ਆਨਲਾਈਨ ਸਮੂਹਾਂ 'ਤੇ ਸਖਤ ਕਾਰਵਾਈ ਕੀਤੀ। ਅਮਰੀਕੀ ਏਜੰਸੀਆਂ ਨੇ INCEL ਮੂਵਮੈਂਟ ਨੂੰ ਘਰੇਲੂ ਆਤੰਕਵਾਦ ਦੱਸਿਆ, ਜਦਕਿ ਤੁਰਕੀ ਸਰਕਾਰ ਨੇ ਇਨ੍ਹਾਂ ਸਮੂਹਾਂ ਦੇ ਅਸ਼ਲੀਲ ਸਮੱਗਰੀ ਵਾਲੇ ਪਲੇਟਫਾਰਮਾਂ ਨੂੰ ਬਲਾਕ ਕਰ ਦਿੱਤਾ ਜਦਕਿ ਰੂਸ ਨੇ ਵੀ ਸ਼ੋਸ਼ਲ ਅਤੇ ਚੈਟ ਪਲੇਟਫਾਰਮ 'ਤੇ ਪਾਬੰਦੀ ਲਗਾ ਰੱਖੀ ਹੈ।
ਦੂਜੇ ਪਾਸੇ ਪੁਰਸ਼ਾਂ ਦੀ ਇਸ ਕਮਿਊਨਿਟੀ ਖਿਲਾਫ ਸੁਰੱਖਿਆ ਜਾਂਚ ਏਜੰਸੀ FBI ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। FBI ਦਾ ਮੰਨਣਾ ਹੈ ਕਿ ਪੁਰਸ਼ਾਂ ਦੀ INCEL ਮੂਵਮੈਂਟ ਮਹਿਲਾਵਾਂ ਲਈ ''ਡੋਮੈਸਟਿਕ ਟੈਰਰ ਥ੍ਰੈਟ'' ਬਣ ਗਈ ਹੈ ਜਿੱਥੇ ਪੁਰਸ਼ ਮਹਿਲਾਵਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖ ਕੇ ਉਨ੍ਹਾਂ ਦੀ ਜਾਨ ਲੈਣ ਤੱਕ ਚਲੇ ਜਾਂਦੇ ਹਨ।
