ਪੱਛਮੀ ਆਸਟ੍ਰੇਲੀਆ ਦੀ ਸੰਸਦ ''ਤੇ ਸਾਈਬਰ ਹਮਲਾ, ਸ਼ੱਕ ਦੇ ਘੇਰੇ ''ਚ ਚੀਨ

03/19/2021 4:10:21 PM

ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਦੀ ਸੰਸਦ ਸਮੇਤ ਵੱਡੀ ਗਿਣਤੀ ਵਿਚ ਆਸਟ੍ਰੇਲੀਆਈ ਸੰਗਠਨ ਇਸ ਮਹੀਨੇ ਦੇ ਸ਼ੁਰੂ ਵਿਚ ਸਾਈਬਰ ਹਮਲੇ ਨਾਲ ਪ੍ਰਭਾਵਿਤ ਹੋਏ ਸਨ। ਇਹਨਾਂ ਸਾਈਬਰ ਹਮਲਿਆਂ ਲਈ ਕਥਿਤ ਤੌਰ 'ਤੇ ਚੀਨ ਸ਼ੱਕ ਦੇ ਘੇਰੇ ਵਿਚ ਹੈ। ਇਹ ਹਮਲੇ ਪੱਛਮੀ ਆਸਟ੍ਰੇਲੀਆ ਵਿਚ ਚੋਣ ਪ੍ਰਚਾਰ ਦੇ ਮੱਧ ਵਿਚ ਹੋਏ, ਜੋ ਸੰਸਦ ਦੇ ਨਵੇਂ ਮੈਂਬਰਾਂ ਦੀ ਚੋਣ ਲਈ 13 ਮਾਰਚ ਨੂੰ ਕਰਵਾਈ ਗਈ ਸੀ। 

ਸਮਾਚਾਰ ਏਜੰਸੀ ਏ.ਬੀ.ਸੀ. ਅਨੁਸਾਰ, ਹਮਲੇ ਦੌਰਾਨ ਪੱਛਮੀ ਆਸਟ੍ਰੇਲੀਆ ਦਾ ਸੰਸਦੀ ਈਮੇਲ ਸਰਵਰ ਪ੍ਰਭਾਵਿਤ ਸੀ, ਜਿਸ ਦੇ ਬਾਅਦ ਸੰਸਦ ਮੈਂਬਰਾਂ ਨੇ ਸੰਸਦੀ ਸੇਵਾ ਵਿਭਾਗ ਦਾ ਚਿਤਾਵਨੀ ਸੰਦੇਸ਼ ਪ੍ਰਾਪਤ ਕੀਤਾ ਸੀ। ਜਿਸ ਵਿਚ ਕਿਹਾ ਗਿਆ ਸੀ 'ਡਾਟਾ ਦੀ ਉਲੰਘਣਾ ਨਹੀਂ'। ਪੱਛਮੀ ਆਸਟ੍ਰੇਲੀਆ ਦੇ ਸੰਸਦੀ ਸੇਵਾ ਵਿਭਾਗ ਨੇ ਇਸ ਹਮਲੇ ਦਾ ਪਤਾ ਲਗਾਉਣ ਤੋਂ ਬਾਅਦ, ਅਗਲੀ ਸਵੇਰ ਤੱਕ ਸਰਵਰ ਨੂੰ ਬੰਦ ਕਰ ਦਿੱਤਾ। ਵਿਭਾਗ ਨੇ ਬਾਅਦ ਵਿਚ ਇਹ ਸਿੱਟਾ ਕੱਢਿਆ ਕਿ ਹਮਲੇ ਦੌਰਾਨ ਕੋਈ ਡਾਟਾ ਚੋਰੀ ਨਹੀਂ ਕੀਤਾ ਗਿਆ ਸੀ। ਆਸਟ੍ਰੇਲੀਆਈ ਸਰਕਾਰ ਦੇ ਸਾਈਬਰ ਸੁਰੱਖਿਆ ਕੇਂਦਰ ਅਨੁਸਾਰ, ਇਹ ਹੈਕਿੰਗ ਮਾਈਕ੍ਰੋਸਾਫਟ ਐਕਸਚੇਂਜ ਸਾਫਟਵੇਅਰ ਦੀ ਵਰਤੋਂ ਕਰਨ ਵਾਲੀਆਂ ਪ੍ਰਣਾਲੀਆਂ ਵਿਚ ਖਾਮੀਆਂ ਕਾਰਨ ਹੋਈ। ਆਸਟ੍ਰੇਲੀਆਈ ਸਾਈਬਰ ਸਿਕਿਓਰਿਟੀ ਸੈਂਟਰ (ACSC) ਨੇ ਵੀ ਇਕ ਐਲਰਟ ਜਾਰੀ ਕਰਦਿਆਂ ਮਾਈਕ੍ਰੋਸੌਫਟ ਐਕਸਚੇਂਜ ਦੀ ਵਰਤੋਂ ਕਰਨ ਵਾਲੀਆਂ ਸੰਸਥਾਵਾਂ ਨੂੰ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਨਜ਼ਰਬੰਦ ਕੈਨੇਡੀਅਨ ਨਾਗਰਿਕ ਦੇ ਮੁਕੱਦਮੇ 'ਤੇ ਕੀਤੀ ਗਈ ਸੁਣਵਾਈ

ਏ.ਬੀ.ਸੀ. ਅਨੁਸਾਰ ਆਸਟ੍ਰੇਲੀਆਈ ਸਰਕਾਰ ਨੇ ਕਿਸੇ ਵਿਸ਼ੇਸ਼ ਰਾਜ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਚੀਨ ਨੇ ਅਜਿਹਾ ਕਰਨ ਵਿਚ ਭੂਮਿਕਾ ਨਿਭਾਈ ਹੈ। ਉੱਧਰ ਚੀਨੀ ਦੂਤਘਰ ਨੇ ਸਾਈਬਰ ਹਮਲੇ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ “ਅਪਮਾਨਜਨਕ” ਦੱਸਿਆ ਹੈ ਅਤੇ ਆਸਟ੍ਰੇਲੀਆਈ ਮੀਡੀਆ 'ਤੇ ਦੋਸ਼ ਲਾਇਆ ਹੈ ਕਿ ਉਹ ਚੀਨ ਨੂੰ ਬਦਨਾਮ ਕਰਨ ਲਈ ਗਲਤ ਜਾਣਕਾਰੀ ਮੁਹਿੰਮ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸਟ੍ਰੇਲੀਆਈ ਸਰਕਾਰੀ ਸੰਗਠਨਾਂ ਅਤੇ ਕਾਰੋਬਾਰਾਂ ਨੂੰ ਵੱਡੇ ਪੱਧਰ 'ਤੇ ਹੈਕ ਕੀਤਾ ਗਿਆ ਸੀ। ਆਸਟ੍ਰੇਲੀਆਈ ਸਰਕਾਰ ਨੇ ਹਮਲੇ ਲਈ “ਸੂਝਵਾਨ ਰਾਜ ਸਮਰਥਿਤ” ਹੈਕਰਾਂ ‘ਤੇ ਦੋਸ਼ ਲਗਾਇਆ।
 


Vandana

Content Editor

Related News