ਕੈਨੇਡਾ ਦੇ ਇਨ੍ਹਾਂ ਸੂਬਿਆਂ ''ਚ ਮੌਸਮ ਬਦਲ ਸਕਦੈ ਮਿਜ਼ਾਜ਼, ਜਾਰੀ ਹੋਈ ਚਿਤਾਵਨੀ
Monday, Jun 19, 2017 - 09:50 AM (IST)

ਓਨਟਾਰੀਓ— ਕੈਨੇਡਾ ਦੇ ਮੌਸਮ ਵਿਭਾਗ ਵੱਲੋਂ ਓਨਟਾਰੀਓ ਤੇ ਕਿਊਬਿਕ ਦੇ ਕਈ ਹਿੱਸਿਆਂ ਵਿੱਚ ਵਾਵਰੋਲੇ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਜਾਰੀ ਰਿਪੋਰਟ ਅਨੁਸਾਰ ਓਟਵਾ ਤੇ ਗੈਟੀਨਿਊ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਗੜੇ ਪੈ ਸਕਦੇ ਹਨ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇੱਥੇ ਵਾਵਰੋਲੇ ਵੀ ਆ ਸਕਦੇ ਹਨ।
ਏਜੰਸੀ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਮੌਜੂਦ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਅੰਦਰ ਹੀ ਰਹਿਣ ਕਿਉਂਕਿ ਮੌਸਮ ਦਾ ਮਿਜਾਜ਼ ਜਲਦ ਹੀ ਬਦਲਣ ਵਾਲਾ ਹੈ ਤੇ ਬਿਜਲੀ ਡਿੱਗਣ ਦਾ ਵੀ ਖਤਰਾ ਹੈ। ਦੱਖਣੀ ਕਿਊਬਿਕ ਵਿੱਚ ਤੇਜ਼ ਗਰਮੀ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਨਮੀ ਕਾਰਨ ਤਾਪਮਾਨ 40 ਤੱਕ ਮਹਿਸੂਸ ਹੋ ਸਕਦਾ ਹੈ।
ਪਹਿਲਾਂ ਵੀ ਦੱਖਣੀ ਓਨਟਾਰੀਓ ਵਿੱਚ ਖਰਾਬ ਮੌਸਮ ਸਬੰਧੀ ਚੇਤਾਵਨੀ ਦਿੱਤੀ ਗਈ ਸੀ ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਤੋਂ ਬਾਅਦ ਇਹ ਚੇਤਾਵਨੀ ਹਟਾ ਲਈ ਗਈ। ਸ਼ਨੀਵਾਰ ਨੂੰ ਲੰਡਨ, ਟੋਰਾਂਟੋ ਤੇ ਦਰਹਾਮ ਇਲਾਕਿਆਂ ਵਿੱਚ ਵੀ ਵਾਵਰੋਲੇ ਆਉਣ ਦੀ ਚਿਤਾਵਨੀ ਦਿੱਤੀ ਗਈ ਸੀ, ਪਰ ਰਾਤ ਨੂੰ ਇਹ ਚਿਤਾਵਨੀ ਵਾਪਸ ਲੈ ਲਈ ਗਈ।