ਮਿਆਂਮਾਰ ਸਰਹੱਦ ਤੋਂ ਭਾਰਤ ''ਚ ਹੋ ਰਹੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਚਿੰਤਾਜਨਕ

Tuesday, Oct 06, 2020 - 04:02 PM (IST)

ਮਿਆਂਮਾਰ ਸਰਹੱਦ ਤੋਂ ਭਾਰਤ ''ਚ ਹੋ ਰਹੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਚਿੰਤਾਜਨਕ

ਮਿਆਂਮਾਰ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ. ਐੱਨ. ਅਸੈਂਬਲੀ ਵਿਚ ਪਿਛਲੇ ਮਹੀਨੇ ਵਰਚੁਅਲ ਭਾਸ਼ਣ ਦੌਰਾਨ ਭਾਰਤ ਦੇ ਉੱਤਰੀ-ਪੂਰਬੀ ਸਰਹੱਦ 'ਤੇ ਵੱਧ ਰਹੀਆਂ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਸੀ। ਇਸ ਵਿਚ ਮਿਆਂਮਾਰ ਸਰਹੱਦ ਤੋਂ ਭਾਰਤ ਵਿਚ ਹੋ ਰਹੀ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਦਾ ਮੁੱਖ ਮੁੱਦਾ ਚੁੱਕਿਆ ਗਿਆ ਸੀ। ਭਾਰਤੀ ਫ਼ੌਜ ਦੇ ਮੁੱਖ ਜਨਰਲ ਐੱਮ. ਐੱਮ. ਨਰਵਣੇ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਮਿਆਂਮਾਰ ਦੀ ਸਟੇਟ ਕੌਂਸਲ ਆਂਗ ਸਾਨ ਸੂ ਕੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਤੇ ਸਥਿਰਤਾ ਦੇ ਰੱਖ-ਰਖਾਅ ਦਾ ਮੁੱਦਾ ਚੁੱਕਿਆ। 

ਉਨ੍ਹਾਂ ਨੇ ਉੱਚ ਜਨਰਲ ਮਿਨ ਆਂਗ ਨਾਲ ਵੀ ਮੁਲਾਕਾਤ ਕੀਤੀ ਤੇ ਦੋ-ਪੱਖੀ ਮਹੱਤਵ ਵਾਲੇ ਮੁੱਦਿਆਂ 'ਤੇ ਗੱਲ ਕੀਤੀ। ਭਾਰਤੀ ਵਿਦੇਸ਼ ਸਕੱਤਰ ਤੇ ਫ਼ੌਜੀ ਮੁਖੀ ਨੇ ਡਾਓ ਆਂਗ ਸਾਨ ਸੁ ਕੀ ਨੂੰ ਰੀਮਡੇਸੀਵਿਰ ਦਵਾਈ ਦੀਆਂ 3000 ਸ਼ੀਸ਼ੀਆਂ ਦਿੱਤੀਆਂ, ਜੋ ਕੋਰੋਨਾ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਭਾਰਤ ਦੀ ਗੁਆਂਢੀ ਦੇਸ਼ਾਂ ਦੀ ਪਾਲਿਸੀ 'ਐਕਟ ਈਸਟ ਪਾਲਿਸੀ' ਦੀ ਗੱਲ ਕੀਤੀ ਅਤੇ ਸਾਰੇ ਖੇਤਰਾਂ ਵਿਚ ਸੁਰੱਖਿਆ ਤੇ ਵਿਕਾਸ ਨੂੰ ਬਣਾਏ ਰੱਖਣ ਲਈ ਪਹਿਲ ਰੱਖਣ ਦੀ ਹਾਮੀ ਭਰੀ।

ਜ਼ਿਕਰਯੋਗ ਹੈ ਕਿ ਭਾਰਤ ਤੇ ਮਿਆਂਮਾਰ ਵਿਚਕਾਰ ਤਕਰੀਬਨ 1,643 ਕਿਲੋ ਮੀਟਰ ਲੰਬੀ ਸਰਹੱਦ ਹੈ। ਇਸ 'ਤੇ ਬਾੜ ਨਾ ਹੋਣ ਕਾਰਨ ਸਰਹੱਦ ਪਾਰ ਤੋਂ ਭਾਰਤ ਵਿਚ ਹਥਿਆਰ, ਨਕਲੀ ਕਰੰਸੀ ਅਤੇ ਡਰੱਗਜ਼ ਦੀ ਤਸਕਰੀ ਹੁੰਦੀ ਹੈ।
ਸੰਯੁਕਤ ਰਾਸ਼ਟਰ ਸੰਘ ਦੀ ਯੂਨਾਈਟਡ ਨੇਸ਼ਨਜ਼ ਡਰੱਗ ਕੰਟਰੋਲ ਪ੍ਰੋਗਰਾਮ ਅਤੇ ਕੌਮਾਂਤਰੀ ਨਾਰਕੋਟਿਕਸ ਕੰਟਰੋਲ ਬੋਰਡ ਭਾਰਤ-ਮਿਆਂਮਾਰ ਦੀ ਕਮਜ਼ੋਰ ਸੁਰੱਖਿਆ ਨੂੰ ਲੈ ਕੇ ਕਈ ਵਾਰ ਅਲਰਟ ਕਰ ਚੁੱਕਾ ਹੈ। ਸਰਹੱਦ 'ਤੇ ਲਗਭਗ 250 ਪਿੰਡ ਹਨ, ਜਿਨ੍ਹਾਂ ਵਿਚ 3 ਲੱਖ ਲੋਕ ਰਹਿੰਦੇ ਹਨ। ਭਾਰਤ ਦੇ ਉੱਤਰੀ-ਪੂਰਬ ਸੂਬਿਆਂ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ ਅਤੇ ਮਣੀਪੁਰ ਦੀਆਂ ਸਰਹੱਦਾਂ ਮਿਆਂਮਾਰ ਨਾਲ ਲੱਗਦੀਆਂ ਹਨ।  


author

Lalita Mam

Content Editor

Related News