ਆਸਟ੍ਰੇਲੀਆ 'ਚ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸੋਗ ਦੀ ਲਹਿਰ
Monday, May 30, 2022 - 03:06 PM (IST)

ਪਰਥ/ਮੈਲਬੌਰਨ (ਪਿਆਰਾ ਸਿੰਘ ਨਾਭਾ/ਮਨਦੀਪ ਸਿੰਘ ਸੈਣੀ) - ਇੱਕ ਕਾਤਲਾਨਾ ਹਮਲੇ ਵਿੱਚ ਜਾਨ ਗਵਾਉਣ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਅਚਨਚੇਤੀ ਵਿਛੋੜੇ ਕਰਕੇ ਪ੍ਰਵਾਸੀ ਪੰਜਾਬੀਆਂ ਵਿੱਚ ਦੁੱਖ ਅਤੇ ਉਦਾਸੀ ਦਾ ਮਾਹੌਲ ਹੈ। ਇਸ ਬੇਵਕਤੀ ਵਿਛੋੜੇ 'ਤੇ ਆਸਟ੍ਰੇਲੀਆ ਦੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੀਤੇ ਦਿਨ ਹੋਈ ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ਼ ਹੋਇਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਕਈ ਗੋਲੀਆਂ ਲੱਗਣ ਕਰਕੇ ਮੂਸੇਵਾਲਾ ਦੀ ਮੌਤ ਹੋ ਗਈ। ਪੰਜਾਬੀ ਭਾਈਚਾਰੇ ਨੇ ਕਿਹਾ ਕਿ ਸਿੱਧੂ ਪੰਜਾਬ ਦੀ ਸ਼ਾਨ ਸੀ। ਸਿੱਧੂ ਮੂਸੇਵਾਲਾ ਨੇ ਗਾਇਕੀ ਦੇ ਸਦਕਾ ਆਪਣਾ ਨਾਂ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਭਰ ਵਿਚ ਰੌਸ਼ਨ ਕੀਤਾ ਹੈ। ਅਜਿਹੇ ਗੈਂਗਵਾਰ ਹਮਲੇ ਪੰਜਾਬ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਬਣਦੇ ਹਨ। ਅਸੀਂ ਸਮੁਚਾ ਵਿਦੇਸ਼ੀ ਭਾਈਚਾਰਾ ਸਿੱਧੂ ਮੂਸੇਵਾਲਾ ਦੇ ਕਤਲ ’ਤੇ ਦੁੱਖ਼ ਪ੍ਰਗਟਾਉਂਦੇ ਹਾਂ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਮਾਮਲੇ 'ਚ ਅਪਰਾਧ ਸਥਾਨ ਦੇ 1 km ਖੇਤਰ ਦੇ ਡੰਪ ਡਾਟਾ ਦੀ ਹੋਵੇਗੀ ਜਾਂਚ
ਪੰਜਾਬੀ ਪ੍ਰੈੱਸ ਕਲੱਬ ਪਰਥ, ਨਾਭਾ ਪ੍ਰੋਡਕਸ਼ਨ ਆਸਟ੍ਰੇਲੀਆ, ਕੁਨੈਕਟ ਮਾਈਗ੍ਰੇਸ਼ਨ ਸਲਿਊਸ਼ਨਜ ਪਰਥ, ਐਲਨਬਰੁੱਕ ਪੰਜਾਬੀ ਕਲੱਬ, ਕਿੰਗਜ ਪ੍ਰੋਡਕਸ਼ਨ ਆਸਟ੍ਰੇਲੀਆ, ਪੰਜਾਬੀ ਪ੍ਰੈੱਸ ਕਲੱਬ ਮੈਲਬੌਰਨ, ਰਾਇਲ ਪ੍ਰੋਡਕਸ਼ਨ, ਕ੍ਰਿਏਟਿਵ ਈਵੈਂਟਸ, ਖੇਡ ਕਲੱਬਾਂ, ਸੱਭਿਆਚਾਰਕ ਸੰਸਥਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ। ਅਸੀਂ ਇਸ ਦੁੱਖ ਦੇ ਸਮੇਂ ’ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਕਿ ਸਿੱਧੂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ। ਗੈਂਗਵਾਰ ਅਤੇ ਸੰਗਠਿਤ ਅਪਰਾਧ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਤਲ ਵਿਚ ਸ਼ਾਮਲ ਦੋਸ਼ੀਆਂ ਅਤੇ ਅਪਰਾਧਿਕ ਅਨਸਰਾਂ ਨੂੰ ਬੇਨਕਾਬ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ