ਗੁਰੂ ਅਰਜਨ ਦੇਵ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਬਾਊਦੀਆ 'ਚ ਵਿਸ਼ਾਲ ਨਗਰ ਕੀਰਤਨ
Monday, Jun 05, 2023 - 03:08 PM (IST)
ਮਿਲਾਨ/ਇਟਲੀ (ਸਾਬੀ ਚੀਨੀਆ,ਕੈਂਥ): ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ 25 ਜੂਨ ਐਤਵਾਰ ਨੂੰ ਸਜਾਇਆ ਜਾਵੇਗਾ। ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕਰਮਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਸਬਾਊਦੀਆ ਵਿਖੇ ਹੋਣ ਵਾਲੇ ਸਲਾਨਾ ਨਗਰ ਕੀਰਤਨ ਵਿਚ ਹਰ ਸਾਲ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਦੂਰ ਦੁਰਾਡੇ ਤੋਂ ਪਹੁੰਚ ਕਰਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦੀਆਂ ਹਨ। ਇਸ ਸਾਲ ਵੀ ਸੰਗਤਾਂ ਵਿਚ ਬੜਾ ਉਤਸ਼ਾਹ ਵੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਜਦੋਂ ਇਟਲੀ ਵਿਚ ਸਿੱਖਾਂ ਦੀਆਂ ਮੁੱਢਲੀਆ ਗਤੀਵਿਧੀਆ ਦੀ ਗੱਲ ਤੁਰਦੀ ਹੈ ਤਾਂ ਰੋਮ ਇਲਾਕੇ ਵਿਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਤੇ ਫਿਰ ਨਗਰ ਕੀਰਤਨ ਦੀ ਆਰੰਭਤਾ ਵੀ ਸਬਾਊਦੀਆ ਤੋਂ ਹੀ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਸਪਰਿੰਗਫੀਲਡ ਦੀ 'ਮੈਮੋਰੀਅਲ ਡੇਅ ਪਰੇਡ' 'ਚ ਸਿੱਖ ਭਾਈਚਾਰੇ ਦੀ ਚੜ੍ਹਤ (ਤਸਵੀਰਾਂ)
ਇਸ ਨਗਰ ਕੀਰਤਨ ਵਿਚ ਹਰ ਸਾਲ ਕਈ ਐਮ. ਪੀ. ਅਤੇ ਇਟਾਲੀਅਨ ਪ੍ਰਸ਼ਾਸ਼ਨ ਨਾਲ ਸਬੰਧਤ ਸਿਆਸੀ ਤੇ ਗੈਰ ਸਿਆਸੀ ਆਗੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਨ। ਇਸ ਮੌਕੇ ਮੌਜੂਦ ਪ੍ਰਬੰਧਕਾਂ ਸੋਨਾ ਵਿਰਕ, ਹਰਭਜਨ ਸਿੰਘ ਤੇ ਹੋਰਨਾਂ ਨੌਜਵਾਨ ਵੀਰਾਂ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਪਹੁੰਚ ਰਹੇ ਰਾਗੀ, ਢਾਡੀ ਤੇ ਕਵੀਸ਼ਰੀ ਜੱਥੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ ਜਦ ਕਿ ਸਿੰਘਾਂ ਵੱਲੋਂ ਗਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ ਤੇ ਆਈਆਂ ਸੰਗਤਾਂ ਲਈ ਕਈ ਤਰ੍ਹਾਂ ਦੇ ਸਟਾਲ ਲਾਕੇ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਠੰਡੇ ਮਿੱਠੇ ਜਲ ਦੀਆਂ ਥਾਂ-ਥਾਂ ਛਬੀਲਾਂ ਵੀ ਲੱਗਣਗੀਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।