ਇਸ ਮੁਲਕ ਨੇ UK ਤੇ ਦੱਖਣੀ ਅਫਰੀਕਾ ਤੋਂ ਉਡਾਣਾਂ ਆਉਣ 'ਤੇ ਲਾਈ ਰੋਕ
Tuesday, Jan 05, 2021 - 08:05 PM (IST)
ਹਨੋਈ- ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਜ਼ਿਆਦਾ ਤੇਜ਼ੀ ਨਾਲ ਫੈਲਣ ਦੇ ਡਰ ਕਾਰਨ ਵੀਅਤਨਾਮ ਨੇ ਬ੍ਰਿਟੇਨ ਤੇ ਦੱਖਣੀ ਅਫਰੀਕਾ ਤੋਂ ਉਡਾਣਾਂ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਵੀਅਤਨਾਮ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, "ਵੀਅਤਨਾਮ ਵਿਚ ਇਸ ਬੀਮਾਰੀ ਦੇ ਦਾਖ਼ਲ ਹੋਣ ਅਤੇ ਫੈਲਣ ਦਾ ਜ਼ੋਖਮ ਬਹੁਤ ਜ਼ਿਆਦਾ ਹੈ, ਖ਼ਾਸਕਰ ਸੰਕ੍ਰਮਿਤ ਦੇਸ਼ਾਂ ਤੋਂ ਦਾਖ਼ਲ ਹੋਣ ਵਾਲੇ ਲੋਕਾਂ ਤੋਂ।"
ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂਗਯੇਨ ਜ਼ੁਆਨ ਫੁਕ ਨੇ ਅਧਿਕਾਰੀਆਂ ਨੂੰ ਹੋਰ ਮੁਲਕਾਂ ਦੀ ਸੂਚੀ 'ਤੇ ਵੀ ਕੰਮ ਕਰਨ ਲਈ ਕਿਹਾ ਹੈ ਜਿਨ੍ਹਾਂ ਤੋਂ ਉਡਾਣਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਮੰਤਰਾਲਾ ਨੇ ਕਿਹਾ ਕਿ ਪੀ. ਐੱਮ. ਨੇ ਉਨ੍ਹਾਂ ਨੂੰ ਇਕਾਂਤਵਾਸ ‘ਤੇ ਕੰਟਰੋਲ ਸਖ਼ਤ ਕਰਨ ਦੇ ਆਦੇਸ਼ ਦਿੱਤੇ ਹਨ। ਵੀਅਤਨਾਮ ਨੇ ਮਾਰਚ ਦੇ ਅੰਤ ਤੋਂ ਸਾਰੀਆਂ ਆਉਣ ਵਾਲੀਆਂ ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ ਪਰ ਸਰਕਾਰ ਮਹਾਮਾਰੀ ਵਿਚਕਾਰ ਵਿਦੇਸ਼ ਵਿਚ ਫਸੇ ਵੀਅਤਨਾਮੀ ਨਾਗਰਿਕਾਂ ਨੂੰ ਘਰ ਲਿਆਉਣ ਲਈ ਰਾਹਤ ਉਡਾਣਾਂ ਚਲਾ ਰਹੀ ਹੈ। ਵਿਦੇਸ਼ੀ ਮਾਹਰਾਂ ਅਤੇ ਨਿਵੇਸ਼ਕਾਂ ਨੂੰ ਲੈ ਕੇ ਆਉਣ ਵਾਲੀਆਂ ਕੁਝ ਵਿਸ਼ੇਸ਼ ਉਡਾਣਾਂ ਨੂੰ ਵੀਅਤਨਾਮ ਵਿਚ ਆਉਣ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਦੇਸ਼ ਵਿਚ ਦਾਖਲ ਹੋਣ ਵਾਲੇ ਹਰ ਯਾਤਰੀ ਨੂੰ 14 ਦਿਨ ਵੱਖਰੇ ਤੌਰ 'ਤੇ ਇਕਾਂਤਵਾਸ ਵਿਚ ਰਹਿਣਾ ਪੈ ਰਿਹਾ ਹੈ।