ਫਲੋਰਿਡਾ ਦੀ ਚਰਚ ''ਚ ਹੋਈਆਂ ਕੋਰੋਨਾ ਮੌਤਾਂ ਤੋਂ ਬਾਅਦ ਲਗਾਇਆ ਵੈਕਸੀਨ ਕੈਂਪ
Tuesday, Aug 10, 2021 - 10:03 PM (IST)
            
            ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਲੋਰਿਡਾ ਦੇ ਜੈਕਸਨਵਿਲੇ ਦੀ ਇੱਕ ਚਰਚ ਵਿੱਚ 10 ਦਿਨਾਂ ਦੇ ਅੰਦਰ ਇਸਦੇ 6 ਮੈਂਬਰਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਐਤਵਾਰ ਨੂੰ ਚਰਚ ਵਿੱਚ ਇੱਕ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਫਲੋਰਿਡਾ ਦੀ ਇਮਪੈਕਟ ਚਰਚ ਦੇ ਸੀਨੀਅਰ ਪਾਦਰੀ ਜਾਰਜ ਡੇਵਿਸ ਨੇ ਜਾਣਕਾਰੀ ਦਿੱਤੀ ਕਿ ਚਰਚ ਦੇ ਘੱਟੋ-ਘੱਟ 15 ਹੋਰ ਮੈਂਬਰਾਂ ਨੇ ਕੋਵਿਡ-19 ਹੋਣ ਦੀ ਰਿਪੋਰਟ ਦਿੱਤੀ ਹੈ ਜਦਕਿ ਕੁੱਝ ਹਸਪਤਾਲ ਵਿੱਚ ਵੀ ਦਾਖਲ ਹਨ। ਡੇਵਿਸ ਨੇ ਕਿਹਾ ਕਿ ਇਮਪੈਕਟ ਚਰਚ ਅਜੇ ਵੀ ਵਾਇਰਸ ਤੋਂ ਸੁਰੱਖਿਆ ਲਈ ਸਮਾਜਕ ਦੂਰੀਆਂ ਦੀ ਪਾਲਣਾ, ਹੈਂਡ ਸੈਨੇਟਾਈਜ਼ਰ ਦੀ ਪੇਸ਼ਕਸ਼ ਅਤੇ ਮਾਸਕ ਪਾਉਣ ਦੀ ਅਪੀਲ ਕਰਦੀ ਹੈ। ਇਮਪੈਕਟ ਚਰਚ ਨੇ ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਟੀਕਾਕਰਨ ਦੀ ਸਾਈਟ ਖੋਲ੍ਹ ਕੇ ਤਕਰੀਬਨ 800 ਲੋਕਾਂ ਨੂੰ ਵੈਕਸੀਨ ਲਗਾਈ ਸੀ ਅਤੇ ਹੁਣ 8 ਅਗਸਤ ਨੂੰ ਇੱਕ ਹੋਰ ਟੀਕਾਕਰਨ ਈਵੈਂਟ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਬੋਲੇ ਰਾਹੁਲ- ਮੈਂ ਵੀ ਕਸ਼ਮੀਰੀ ਪੰਡਿਤ, ਜੰਮੂ-ਕਸ਼ਮੀਰ ਨੂੰ ਮਿਲੇ ਪੂਰਨ ਰਾਜ ਦਾ ਦਰਜਾ
ਚਰਚ ਵਿੱਚ ਆਯੋਜਿਤ ਵੈਕਸੀਨ ਮੁਹਿੰਮ ਵਿੱਚ ਐਤਵਾਰ ਨੂੰ ਲਗਭਗ 269 ਲੋਕਾਂ ਨੂੰ ਟੀਕਾ ਲਗਾਇਆ ਗਿਆ ਅਤੇ ਟੀਕੇ ਲਗਾਉਣ ਵਾਲੇ ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 35% ਨਾਬਾਲਗ ਸਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਉਨ੍ਹਾਂ ਵਿੱਚੋਂ ਵੱਡੀ ਗਿਣਤੀ 'ਚ ਚਰਚ ਦੇ ਮੈਂਬਰ ਸਨ। ਫਲੋਰਿਡਾ ਸਟੇਟ ਵਿੱਚ ਵਿੱਚ ਕੁੱਲ 2,725,450 ਕੋਵਿਡ -19 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ, ਜਿਨ੍ਹਾਂ ਵਿੱਚ ਹਾਲ ਹੀ ਦੇ ਹਫਤਿਆਂ ਵਿੱਚ ਡੈਲਟਾ ਰੂਪ ਦੇ ਫੈਲਣ ਨਾਲ ਲਾਗਾਂ ਦੀ ਗਿਣਤੀ ਨੇ ਰਿਕਾਰਡ ਤੋੜ ਦਿੱਤੇ ਹਨ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ, 30 ਜੁਲਾਈ ਤੋਂ 5 ਅਗਸਤ ਦੇ ਹਫਤੇ ਦੌਰਾਨ 134,500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
