AC ਦੀ ਵਰਤੋਂ ਹੋ ਸਕਦੀ ਹੈ ਜਾਨਲੇਵਾ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ?
Wednesday, Jul 31, 2024 - 06:20 PM (IST)
ਇੰਟਰਨੈਸ਼ਨਲ ਡੈਸਕ : ਦੇਸ਼ ਭਰ 'ਚ ਗਰਮੀ ਦਾ ਕਹਿਰ ਆਪਣੇ ਸਿਖਰ 'ਤੇ ਹੈ ਅਤੇ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਏਅਰ ਕੰਡੀਸ਼ਨਰ (AC) ਦੀ ਵਰਤੋਂ ਕਰ ਰਹੇ ਹਨ। ਪਰ ਇੱਕ ਤਾਜ਼ਾ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਿਆਦਾ ਠੰਢਕ ਤੇ ਏਸੀ ਦੀ ਵਰਤੋਂ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਹਾਲੀਆ ਰਿਪੋਰਟਾਂ ਮੁਤਾਬਕ ਏਸੀ ਕਾਰਨ 24 ਸਾਲਾ ਲਿਆਨਾ ਫੋਸਟਰ ਦੀ ਜਾਨ ਖਤਰੇ 'ਚ ਪੈ ਗਈ ਤੇ ਉਸ ਨੂੰ 5 ਘੰਟੇ ਹਸਪਤਾਲ 'ਚ ਰਹਿਣਾ ਪਿਆ। ਬ੍ਰਿਟੇਨ ਦੀ ਰਹਿਣ ਵਾਲੀ ਲਿਆਨਾ ਫੋਸਟਰ ਹਾਲ ਹੀ 'ਚ ਤੁਰਕੀ ਗਈ ਸੀ। ਸਫ਼ਰ ਦੌਰਾਨ ਉਸ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਕਮਰੇ ਦਾ ਏਸੀ ਚਾਲੂ ਕੀਤਾ ਅਤੇ ਫਿਰ ਸੌਂ ਗਈ। ਇਸ ਠੰਢਕ ਦੇ ਅਸਰ ਨੇ ਉਸ ਦੇ ਟਾਂਸਿਲਜ਼ ਵਿਚ ਗੰਭੀਰ ਇਨਫੈਕਸ਼ਨ ਹੋ ਗਿਆ, ਜਿਸ ਦੇ ਕਾਰਨ ਉਸ ਨੂੰ ਹਸਪਤਾਲ ਦਾਖਲ ਹੋਣਾ ਪਿਆ। ਲਿਆਨਾ ਨੇ ਇਸ ਤਜਰਬੇ ਨੂੰ ਡਰਾਉਣਾ ਸੁਪਨਾ ਦੱਸਿਆ ਹੈ।
ਅੰਤਾਲਿਆ ਤੁਰਕੀ 'ਚ ਮਨਾ ਰਹੀ ਸੀ ਛੁੱਟੀਆਂ
ਲਿਆਨਾ ਅਤੇ ਉਸਦਾ ਪਰਿਵਾਰ ਤੁਰਕੀ ਦੇ ਅੰਤਲਯਾ ਵਿਚ ਛੁੱਟੀਆਂ ਮਨਾ ਰਿਹਾ ਸੀ। ਸਫ਼ਰ ਦੌਰਾਨ ਲਿਆਨਾ ਨੇ ਗਲੇ 'ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਰਿਪੋਰਟਾਂ ਮੁਤਾਬਕ ਉਸ ਨੇ ਰਾਤ ਨੂੰ ਏਸੀ ਦਾ ਤਾਪਮਾਨ ਬਹੁਤ ਘੱਟ ਕਰ ਦਿੱਤਾ ਸੀ। ਅਗਲੇ ਦਿਨ, ਲਿਆਨਾ ਨੇ ਬੇਹੋਸ਼ੀ ਦੀ ਸਥਿਤੀ ਦਾ ਅਨੁਭਵ ਕੀਤਾ। ਉਸ ਦੀ 52 ਸਾਲਾ ਮਾਂ ਲਿਨੇਟ ਉਸ ਸਮੇਂ ਚਿੰਤਤ ਹੋ ਗਈ ਜਦੋਂ ਉਸ ਨੇ ਆਪਣੀ ਧੀ ਦੇ ਟਾਂਸਿਲਜ਼ 'ਤੇ ਚਿੱਟੇ ਧੱਬੇ ਵੇਖੇ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਈ, ਜਦੋਂ ਲਿਆਨਾ ਦੀ ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲਾ ਗੱਲ ਸਾਹਮਣੇ ਆਈ। ਡਾਕਟਰਾਂ ਨੇ ਦੱਸਿਆ ਕਿ ਏਸੀ ਦੀ ਠੰਢ ਕਾਰਨ ਲਿਆਨਾ ਦੇ ਟਾਂਸਿਲਜ਼ 'ਚ ਇਨਫੈਕਸ਼ਨ ਹੋ ਗਿਆ, ਜਿਸ ਕਾਰਨ ਉਸ ਨੂੰ 5 ਘੰਟੇ ਹਸਪਤਾਲ 'ਚ ਰਹਿਣਾ ਪਿਆ। ਡਾਕਟਰਾਂ ਨੇ ਉਸ ਦਾ ਤੁਰੰਤ ਇਲਾਜ ਕੀਤਾ ਅਤੇ ਉਸ ਦੀ ਹਾਲਤ 'ਚ ਸੁਧਾਰ ਹੋਣ 'ਤੇ ਉਸ ਨੂੰ ਘਰ ਜਾਣ ਦਿੱਤਾ। ਹਾਲਾਂਕਿ, ਲਿਆਨਾ ਦੀ ਸਿਹਤ ਵਿੱਚ ਸੁਧਾਰ ਦੇ ਬਾਵਜੂਦ, ਉਹ ਪਿਛਲੇ ਹਫ਼ਤੇ ਤੋਂ ਐਂਟੀਬਾਇਓਟਿਕਸ ਲੈ ਰਹੀ ਹੈ ਅਤੇ ਹੌਲੀ-ਹੌਲੀ ਠੀਕ ਹੋ ਰਹੀ ਹੈ।
ਲਿਆਨਾ ਪੇਸ਼ੇ ਤੋਂ ਇੱਕ ਕੰਟੈਂਟ ਕ੍ਰਿਏਟਰ
ਲਿਆਨਾ, ਜੋ ਕਿ ਪੇਸ਼ੇ ਤੋਂ ਕੰਟੈਂਟ ਕ੍ਰਿਏਟਰ ਹੈ, ਨੇ ਕਿਹਾ ਕਿ ਮੈਂ ਬਹੁਤ ਡਰੀ ਹੋਈ ਸੀ। ਮੇਰੇ ਗਲੇ ਵਿਚ ਬਹੁਤ ਦਰਦ ਹੋ ਰਿਹਾ ਸੀ ਅਤੇ ਮੈਂ ਕੰਬ ਰਹੀ ਸੀ। ਖਾਣ-ਪੀਣ ਵਿਚ ਵੀ ਮੁਸ਼ਕਲ ਆ ਰਹੀ ਸੀ। ਮੇਰੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਸੀ ਤੇ ਮੈਂ ਸੋਚਿਆ ਕਿ ਮੈਂ ਕੋਰੋਨਾ ਤੋਂ ਪੀੜਤ ਹਾਂ ਪਰ ਜਦੋਂ ਮੈਂ ਹਸਪਤਾਲ ਵਿਚ ਜਾਂਚ ਕਰਵਾਈ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਟਾਂਸਿਲਜ਼ ਦਾ ਇਨਫੈਕਸ਼ਨ ਹੈ। ਡਾਕਟਰਾਂ ਨੇ ਇਹ ਵੀ ਕਿਹਾ ਕਿ ਏਸੀ ਦੇ ਅੰਦਰ ਮੌਜੂਦ ਫੰਗਸ ਨੇ ਲਿਆਨਾ ਫੋਸਟਰ ਦੀ ਸਿਹਤ ਨੂੰ ਹੋਰ ਗੰਭੀਰ ਬਣਾਉਣ ਵਿਚ ਯੋਗਦਾਨ ਪਾਇਆ ਹੈ। ਪਹਿਲਾਂ ਤਾਂ ਲਿਆਨਾ ਮੂੰਹ ਰਾਹੀਂ ਦਵਾਈ ਵੀ ਨਹੀਂ ਲੈ ਸਕਦੀ ਸੀ, ਜਿਸ ਕਾਰਨ ਡਾਕਟਰਾਂ ਨੂੰ ਉਸ ਨੂੰ ਤਿੰਨ ਦਿਨਾਂ ਤਕ ਦਿਨ ਵਿੱਚ ਦੋ ਵਾਰ ਟੀਕੇ ਲਾਉਣੇ ਪਏ।
ਲਿਆਨਾ ਨੇ ਇਸ ਬਾਰੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਏਸੀ ਚਾਲੂ ਰੱਖ ਕੇ ਨਾ ਸੌਂਦੇ ਤਾਂ ਸ਼ਾਇਦ ਅਜਿਹਾ ਕੁਝ ਵੀ ਨਾ ਹੁੰਦਾ। ਮੈਂ ਪਹਿਲਾਂ ਵੀ ਟਾਂਸਿਲਜ਼ ਇਨਫੈਕਸ਼ਨ ਦਾ ਸਾਹਮਣਾ ਕਰ ਚੁੱਕੀ ਹਾਂ, ਪਰ ਇਹ ਤਜਰਬਾ ਇੰਨਾ ਗੰਭੀਰ ਕਦੇ ਨਹੀਂ ਰਿਹਾ। ਜੇਕਰ ਬੈਕਟੀਰੀਆ ਹੇਠਾਂ ਚਲਾ ਜਾਂਦਾ ਤਾਂ ਇਹ ਦਿਲ ਜਾਂ ਹੋਰ ਅੰਗਾਂ ਤਕ ਫੈਲ ਸਕਦਾ ਸੀ, ਜੋ ਮੇਰੀ ਸਿਹਤ ਲਈ ਹੋਰ ਵੀ ਹਾਨੀਕਾਰਕ ਹੋ ਸਕਦਾ ਸੀ।