ਅਮਰੀਕਾ ਦੇ ਇਸ ਗੁਰਦੁਆਰਾ ਸਾਹਿਬ ਨੂੰ ਮਿਲ ਸਕਦੀ ਹੈ ਇਤਿਹਾਸਕ ਸਥਾਨ ਵਜੋਂ ਮਾਨਤਾ

03/09/2020 1:36:32 PM

ਫਰਿਜ਼ਨੋ, (ਰਾਜ ਗੋਗਨਾ)— ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਇੱਥੋਂ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਨੂੰ ਇਤਿਹਾਸਕ ਸਥਾਨ ਵਜੋਂ ਮਾਨਤਾ ਦਿੱਤੀ ਜਾਵੇ। ਗੁਰੂ ਨਾਨਕ ਸਿੱਖ ਟੈਂਪਲ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ।

ਜੇ ਇਤਿਹਾਸਕਤਾ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਵਿੱਚ ਪਹਿਲੇ ਸਟਾਕਟਨ ਸ਼ਹਿਰ ਵਿਖੇ ਗਦਰੀ ਬਾਬਿਆਂ ਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸੀ। ਇਸ ਉਪਰੰਤ ਯੂਬਾ ਸਿਟੀ ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਇਸ ਦੇ ਬਾਅਦ ਜਦੋਂ ਪੰਜਾਬੀ ਭਾਈਚਾਰਾ ਆਪਣੇ ਖੇਤੀਬਾੜੀ ਵਾਲੇ ਕੰਮਾਂ ਦੀ ਭਾਲ ਵਿੱਚ ਫਰਿਜ਼ਨੋ ਨਜ਼ਦੀਕੀ ਕਸਬੇ ਸਨਵਾਕੀਨ ਵਿੱਚ ਆ ਵਸਿਆ ਤਾਂ ਇੱਥੋਂ ਦੀਆਂ ਸੰਗਤਾਂ ਲਈ ਹਰ ਹਫ਼ਤੇ ਲਗਭਗ ਤਿੰਨ ਤੋਂ ਚਾਰ ਘੰਟੇ ਗੱਡੀ ਚਲਾ ਕੇ ਐਤਵਾਰ ਦੀ ਛੁੱਟੀ ਦੇ ਦਿਨ ਸਟਾਕਟਨ ਜਾਂ ਯੂਬਾ ਸਿਟੀ ਦੇ ਗੁਰੂਘਰ ਜਾਣਾ ਬਹੁਤ ਔਖਾ ਹੁੰਦਾ ਸੀ। ਇਸੇ ਕਰਕੇ ਇਲਾਕੇ ਅੰਦਰ  ਵੱਸਦੀ ਸੰਗਤ ਨੇ ਰਲ-ਮਿਲ ਕੇ 1970 ਦੇ ਦਹਾਕੇ ਵਿੱਚ ਗੁਰੂਘਰ ਦੀ ਸਥਾਪਨਾ ਕੀਤੀ ਤੇ ਇਸ ਲਈ ਉਨ੍ਹਾਂ ਨੇ ਇਕ ਸਟੋਰ ਦੀ ਦੋ-ਮੰਜ਼ਲਾਂ ਇਮਾਰਤ ਖਰੀਦੀ ਸੀ।

ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣਿਆ 100 ਸਾਲ ਤੋਂ ਵਧੀਕ ਸਮਾਂ ਹੋ ਗਿਆ ਹੈ ਜਦ ਕਿ ਗੁਰੂਘਰ ਸਥਾਪਤ ਕੀਤੇ ਨੂੰ 70 ਸਾਲ ਦੇ ਲਗਭਗ ਹੋ ਗਏ ਹਨ। ਇਲਾਕੇ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ, ਜਿਸ ਦੀ ਆਸਥਾ ਸਿੱਖ ਧਰਮ ਨਾਲ ਜੁੜ ਚੁੱਕੀ ਹੈ। ਇਲਾਕੇ ਦੀ ਸੰਗਤ ਅਤੇ ਸਿੱਖ ਸੰਸਥਾਵਾਂ ਵਲੋਂ ਇਸ ਗੁਰੂਘਰ ਨੂੰ ਇਤਿਹਾਸਕਤਾ ਦਾ ਦਰਜਾ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸੰਬੰਧੀ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਫਰਿਜ਼ਨੋ ਕਾਊਂਟੀ ਦੇ ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀਆਂ ਦੀ ਮਨਜ਼ੂਰੀ ਲਈ ਕਾਰਵਾਈ ਹੋਵੇਗੀ। ਉਮੀਦ ਹੈ ਕਿ ਬਹੁਤ ਜਲਦ ਇਸ ਗੁਰੂਘਰ ਨੂੰ ਇਤਿਹਾਸਕਤਾ ਦੇ ਦਰਜੇ ਦਾ ਮਾਣ ਪ੍ਰਾਪਤ ਹੋਵੇਗਾ।


Related News