ਅਮਰੀਕਾ : ਪੈਨਸਿਲਵੇਨੀਆ ’ਚ ਪਹਿਲਾ ਗੁਰਪ੍ਰਸਾਦਿ ਕੀਰਤਨ ਦਰਬਾਰ ਕਰਵਾਇਆ
Tuesday, Sep 21, 2021 - 04:01 PM (IST)
ਫਿਲਾਡੇਲਫੀਆ (ਰਾਜ ਗੋਗਨਾ)-ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲਾ ਗੁਰਪ੍ਰਸਾਦਿ ਰਾਗਾਤਮਕ ਕੀਰਤਨ ਦਰਬਾਰ ਗੁਰਦੁਆਰਾ ਬਲੂ ਮਾਊਂਟੇਨ ਪੈਨਸਿਲਵੇਨੀਆ ਸੂਬੇ ’ਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਚੜ੍ਹਦੀ ਕਲਾ ’ਚ ਕਰਵਾਇਆ ਗਿਆ, ਜਿਸ ’ਚ ਗੁਰੂ ਹਰਿਕ੍ਰਿਸ਼ਨ ਗੁਰਮਤਿ ਸੰਗੀਤ ਅਕੈਡਮੀ ਫਿਲਾਡੈਲਫੀਆ, ਖਾਲਸਾ ਗੁਰਮਤਿ ਅਕੈਡਮੀ ਬਾਲਟੀਮੋਰ ਅਤੇ ਨਿਊਜਰਸੀ ਦੇ 30 ਤੋਂ ਵੱਧ ਬੱਚਿਆਂ ਨੇ ਵੱਖ-ਵੱਖ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਦਾ ਗਾਇਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸਤਿਕਾਰਯੋਗ ਉਸਤਾਦ ਡਾ. ਮਨਪ੍ਰੀਤ ਸਿੰਘ ਨੇ ਸ਼ਬਦ ਕੀਰਤਨ ਦੇ ਨਾਲ-ਨਾਲ ਬੜੇ ਹੀ ਸਰਲ ਤਰੀਕੇ ਨਾਲ ਗੁਰਮਤਿ ਕੀਰਤਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ।
ਸਟੇਜ ਸਕੱਤਰ ਦੀ ਸੇਵਾ ਭਾਈ ਅਜੇਪਾਲ ਸਿੰਘ ਅਤੇ ਦਾਸ ਲਖਵਿੰਦਰ ਸਿੰਘ ਵੱਲੋਂ ਨਿਭਾਈ ਗਈ। ਬਲੂਮਾਉਂਟੇਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗੁਰੂ ਕੇ ਕੀਰਤਨੀਆਂ ਨੂੰ ਸਨਮਾਨਿਤ ਕੀਤਾ ਗਿਆ ।
ਅਖੀਰ ’ਚ ਡਾ. ਗੁਰਵੰਤ ਕੌਰ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੋੜਨ ਲਈ ਅਗਾਂਹ ਤੋਂ ਵੀ ਇਹੋ ਉਪਰਾਲੇ ਕਰਨ ਲਈ ਪ੍ਰਬੰਧਕਾਂ ਨੂੰ ਪੁਰਜ਼ੋਰ ਬੇਨਤੀ ਕੀਤੀ।