ਠੰਡ ਵਧਣ ਦੇ ਨਾਲ-ਨਾਲ ਪੂਰੇ ਅਮਰੀਕਾ ਵਿਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

10/24/2020 9:02:30 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੇ ਅਮਰੀਕਾ ਨੂੰ ਬਹੁਤ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਇਸ ਦੇ ਮਾਮਲੇ ਪੂਰੇ ਅਮਰੀਕਾ ਵਿਚ ਹੁਣ ਫਿਰ ਤੋਂ ਵੱਧ ਹੋ ਰਹੇ ਹਨ। ਸੰਯੁਕਤ ਰਾਜ ਦੇ ਕਈ ਸੂਬਿਆਂ ਜਿਨ੍ਹਾਂ ਵਿਚੋਂ ਬਹੁਤ ਸਾਰੇ ਮਿਡਵੈਸਟ ਵਿਚ ਹਨ, ਨੇ ਵੀਰਵਾਰ ਨੂੰ ਰਿਕਾਰਡ ਵਾਧਾ ਦਰਜ ਕੀਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਠੰਡਾ ਮੌਸਮ ਹੋਣ ਕਰਕੇ ਵੀ ਮਹਾਮਾਰੀ ਨਵੇਂ ਸਿਰੇ ਤੋਂ ਤੇਜ਼ ਹੋ ਰਹੀ ਹੈ। 

ਇੱਥੇ ਰੀਊਟਰਜ਼ ਦੇ ਇਕ ਵਿਸ਼ਲੇਸ਼ਣ ਮੁਤਾਬਕ ਇੰਡੀਆਨਾ, ਨਾਰਥ ਡਕੋਟਾ, ਇਲੀਨੋਏ, ਮੋਨਟਾਨਾ, ਓਕਲਾਹੋਮਾ, ਉਤਾਹ ਅਤੇ ਓਹੀਓ ਵਿਚ ਵੀਰਵਾਰ ਨੂੰ ਰੋਜ਼ਾਨਾ ਦੇ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਜਦੋਂਕਿ ਫਲੋਰਿਡਾ ਵਿਚ 5,500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ, ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਮੌਤ ਦਰ ਦੀ ਰਿਪੋਰਟ ਵੀ ਦੋ ਮਹੀਨਿਆਂ ਵਿਚ ਵੱਧ ਗਈ ਹੈ ਜਦਕਿ ਇਸ ਸਾਲ ਦੇ ਸ਼ੁਰੂ ਵਿਚ  ਮਹਾਮਾਰੀ ਤੋਂ ਬਾਅਦ, ਰਾਸ਼ਟਰ ਨੇ 2,22,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗੁਆਈ ਹੈ। ਵਾਇਰਸ ਨੂੰ ਕਾਬੂ ਕਰਨ ਲਈ ਸੰਯੁਕਤ ਰਾਜ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਵੀਰਵਾਰ ਨੂੰ ਗਿਲਿਡ ਸਾਇੰਸਜ਼ ਦੀ ਇਕ ਐਂਟੀਵਾਇਰਲ ਡਰੱਗ ਰੇਮੈਡੀਸਿਵਰ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਕੋਵਿਡ-19 ਨਾਲ ਹਸਪਤਾਲ ਵਿਚ ਦਾਖਲ ਹੋਏ ਮਰੀਜ਼ਾਂ ਦਾ ਇਲਾਜ ਕਰਨ ਲਈ ਐਮਰਜੈਂਸੀ ਅਧਿਕਾਰਾਂ ਦੇ ਰੂਪ ਵਿਚ ਵਰਤੀ ਜਾ ਰਹੀ ਹੈ।

ਸੰਯੁਕਤ ਰਾਜ ਅਮਰੀਕਾ ਵਿਚ ਇਸ ਬੀਮਾਰੀ ਲਈ ਅਧਿਕਾਰਤ ਤੌਰ 'ਤੇ ਮਨਜ਼ੂਰ ਹੋਈ ਇਹ ਪਹਿਲੀ ਦਵਾਈ ਹੈ। ਵਾਇਰਸ ਦੇ ਮਾਮਲਿਆਂ ਅਤੇ ਮੌਤਾਂ ਵਿਚ ਵਾਧੇ ਦੇ ਨਾਲ, ਸੰਯੁਕਤ ਰਾਜ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੀ ਦੋ ਮਹੀਨਿਆਂ ਦੀ ਉੱਚਾਈ 'ਤੇ ਪਹੁੰਚ  ਗਈ ਹੈ।ਇਕ ਵਿਸ਼ਲੇਸ਼ਣ ਦੇ ਅਨੁਸਾਰ, ਦੇਸ਼ ਭਰ ਵਿਚ ਹੁਣ 40,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਰੀਜ਼ ਹਸਪਤਾਲਾਂ ਵਿੱਚ ਹਨ, ਜੋ ਕਿ 1 ਅਕਤੂਬਰ ਤੋਂ 33 ਫੀਸਦੀ ਵੱਧ ਹਨ। ਇਸ ਕਰਕੇ ਕੁਝ ਮੈਡੀਕਲ ਸਹੂਲਤਾਂ ਲਈ ਵਾਧੂ ਥਾਵਾਂ ਨੂੰ ਉਨ੍ਹਾਂ ਖੇਤਰਾਂ ਵਿਚ ਬਦਲਣਾ ਸ਼ੁਰੂ ਕਰ ਦਿੱਤਾ ਹੈ,  ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।


Lalita Mam

Content Editor

Related News