ਚੀਨ ਤੋਂ US ਪੈਨਸ਼ਨ ਫੰਡ ਦੇ ਅਰਬਾਂ ਡਾਲਰ ਵਾਪਸ ਲਵੇਗਾ ਅਮਰੀਕਾ

Friday, May 15, 2020 - 01:02 PM (IST)

ਵਾਸ਼ਿੰਗਟਨ- ਚੀਨ 'ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਉੱਥੋਂ ਦੇ ਅਮਰੀਕੀ ਪੈਨਸ਼ਨ ਫੰਡ ਤੋਂ ਅਰਬਾਂ ਡਾਲਰ ਦੀ ਵਾਪਸੀ ਦਾ ਐਲਾਨ ਕੀਤਾ ਹੈ। ਹੁਣ ਦੇਸ਼ ਦੇ ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਚੀਨ ਵਿਚ ਅਮਰੀਕੀ ਪੈਨਸ਼ਨ ਫੰਡ ਦੇ ਨਿਵੇਸ਼ ਨਾਲ ਅਰਬਾਂ ਡਾਲਰਾਂ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਤਰ੍ਹਾਂ ਦਾ ਫੈਸਲਾ ਕਈ ਹੋਰ ਗਤੀਵਿਧੀਆਂ ਲਈ ਵਿਚਾਰ ਅਧੀਨ ਹੈ। ਹਾਲ ਦੇ ਦਿਨਾਂ ਵਿਚ ਮਹਾਮਾਰੀ ਕਾਰਨ ਅਮਰੀਕਾ ਅਤੇ ਚੀਨ ਵਿਚਕਾਰ ਸੰਬੰਧ ਤਲਖੀ ਵਾਲੇ ਹੋ ਗਏ ਹਨ। 

ਕੋਰੋਨਾ ਵਾਇਰਸ ਨਾਲ ਜੂਝ ਰਿਹਾ ਅਮਰੀਕਾ ਚੀਨ ਖਿਲਾਫ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਰਿਹਾ ਹੈ। ਅਮਰੀਕਾ ਨੇ ਬੀਜਿੰਗ ਵਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਸਹੀ ਤਰੀਕੇ ਨਾਲ ਕੰਟਰੋਲ ਨਾ ਕਰਨ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ। ਅਮਰੀਕਾ ਵਿਚ ਹੁਣ ਤੱਕ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 85 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੇ ਇਲਾਵਾ ਚੀਨ 'ਤੇ ਰੀਸਰਚ ਵਰਕ ਇੰਟੈਲਕਚੁਅਲ ਪ੍ਰਾਪਰਟੀ ਨੂੰ ਚੋਰੀ ਕਰਨ ਦਾ ਦੋਸ਼ ਲਗਾਉਂਦਾ ਰਿਹਾ ਹੈ।
ਇਸ ਤੋਂ ਇਲਾਵਾ ਸਾਊਥ ਚਾਈਨਾ ਸੀ ਨੂੰ ਲੈ ਕੇ ਵੀ ਦੋਹਾਂ ਦੇਸ਼ਾਂ ਵਿਚਕਾਰ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਿਵੇਸ਼ ਸਬੰਧੀ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ, "ਅਰਬਾਂ ਡਾਲਰ, ਅਰਬਾਂ , ਹਾਂ ਮੈਂ ਵਾਪਸ ਲੈ ਲਿਆ ਹੈ।" 

ਟਰੰਪ ਨੇ ਚੀਨੀ ਕੰਪਨੀਆਂ ਦੇ ਅਮਰੀਕੀ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਹੋਣ ਦੇ ਸਬੰਧ ਵਿਚ ਕਿਹਾ, "ਅਸੀਂ ਬਹੁਤ ਗੰਭੀਰਤਾ ਨਾਲ ਦੇਖ ਰਹੇ ਹਾਂ। ਇਹ ਬੇਹੱਦ ਹੈਰਾਨ ਕਰਨ ਵਾਲਾ ਹੈ ਪਰ ਇਸ ਦੇ ਨਾਲ ਹੀ ਦਿੱਕਤ ਹੈ। ਤੁਹਾਨੂੰ ਪਤਾ ਹੈ ਕਿ ਹਰ ਕੋਈ ਸਖਤ ਇਨਸਾਨ ਬਣਨਾ ਚਾਹੁੰਦਾ ਹੈ। ਮੈਂ ਬੇਹੱਦ ਸਖਤ ਇਨਸਾਨ ਹਾਂ ਪਰ ਕੀ ਹੁੰਦਾ ਹੈ ਨਾ, ਉਹ ਕਹਿੰਦੇ ਹਨ ਕਿ ਠੀਕ ਹੈ ਅਸੀਂ ਲੰਡਨ ਜਾਂ ਫਿਰ ਹਾਂਗਕਾਂਗ ਚਲੇ ਜਾਵਾਂਗੇ।" 


Lalita Mam

Content Editor

Related News