ਨਿਊਯਾਰਕ ਸਿਟੀ ਦੇ ਸਕੂਲਾਂ ''ਚ ਭੇਜੇ ਗਏ ਚਿੱਟੇ ਪਾਊਡਰ ਵਾਲੇ ਲਿਫ਼ਾਫ਼ੇ

03/21/2021 10:27:59 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਦੇ ਸਕੂਲਾਂ ਵਿੱਚ ਪਿਛਲੇ ਦਿਨਾਂ ਦੌਰਾਨ ਚਿੱਟੇ ਪਾਊਡਰ ਨਾਲ ਭਰੇ ਲਿਫ਼ਾਫ਼ੇ ਮੇਲ ਕੀਤੇ ਗਏ ਹਨ। ਪੁਲਸ ਵਿਭਾਗ ਪਿਛਲੇ ਦੋ ਹਫ਼ਤਿਆਂ ਵਿੱਚ ਸ਼ਹਿਰ ਦੇ ਸਕੂਲਾਂ ਨੂੰ ਚਿੱਟੇ ਪਾਊਡਰ ਨਾਲ ਭੇਜੇ ਅੱਧੇ ਦਰਜਨ ਲਿਫ਼ਾਫ਼ਿਆਂ ਬਾਰੇ ਜਾਂਚ ਕਰ ਰਿਹਾ ਹੈ।।ਪੁਲਸ ਨੇ ਦੱਸਿਆ ਕਿ ਇੱਕ ਤਰ੍ਹਾਂ ਦਿਸਣ ਵਾਲੇ ਚਿੱਠੀ ਵਾਲੇ ਲਿਫ਼ਾਫ਼ੇ ਤਕਰੀਬਨ ਛੇ ਸਕੂਲਾਂ ਵਿੱਚ ਭੇਜੇ ਗਏ ਹਨ, ਇਹ ਲਿਫ਼ਾਫ਼ੇ ਪਹਿਲਾਂ 10 ਮਾਰਚ ਨੂੰ ਪ੍ਰਾਪਤ ਕੀਤੇ ਗਏ ਸਨ। 

ਸਭ ਤੋਂ ਤਾਜ਼ਾ ਲਿਫ਼ਾਫ਼ਾ ਸ਼ੁੱਕਰਵਾਰ ਨੂੰ ਮਿਲਿਆ ਹੈ। ਨਿਊਯਾਰਕ ਪੁਲਸ ਵਿਭਾਗ ਦੁਆਰਾ ਹਰੇਕ ਲਿਫ਼ਾਫ਼ੇ ਦੀ ਜਾਂਚ ਕੀਤੀ, ਜਿਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਖਤਰਨਾਕ ਪਦਾਰਥ ਇਹਨਾਂ ਵਿੱਚ ਨਹੀਂ ਪਾਇਆ ਗਿਆ। ਇਹ ਸਾਰੇ ਛੇ ਸਕੂਲ ਮੈਨਹੱਟਨ ਵਿੱਚ ਸਥਿਤ ਹਨ, ਹਾਲਾਂਕਿ ਇਹ ਸਰਕਾਰੀ ਸਕੂਲ ਹਨ ਜਾਂ ਨਿੱਜੀ,ਇਸ ਬਾਰੇ ਨਹੀਂ ਦੱਸਿਆ ਗਿਆ ਹੈ। ਪੁਲਸ ਵਿਭਾਗ ਨੇ ਇਕ ਲਿਫ਼ਾਫ਼ੇ ਦੀ ਇਕ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਵੱਡੇ ਅੱਖਰਾਂ 'ਚ "ਮਿਡਲ ਸਕੂਲ" ਲਿਖਣ ਦੇ ਨਾਲ ਅਮਰੀਕਾ ਦੀ ਝੰਡੇ ਦੀ ਮੋਹਰ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਬਰੈਂਪਟਨ ਵਿਖੇ ਨੌਜਵਾਨਾਂ ਨੇ ਕੀਤੀ ਸ਼ਹਿਰ ਦੀ ਸਫਾਈ (ਤਸਵੀਰਾਂ)

ਪੁਲਸ ਅਨੁਸਾਰ ਇਹ ਲਿਫ਼ਾਫ਼ੇ ਭੇਜਣ ਵਾਲੇ ਦਾ ਉਦੇਸ਼ ਪ੍ਰਸ਼ਾਸਨ ਵਿੱਚ ਵਿਘਣ ਪੈਦਾ ਕਰਨਾ ਹੈ। ਇਹਨਾਂ ਪੱਤਰਾਂ ਨੇ 2001 ਦੇ ਐਂਥ੍ਰੈਕਸ ਹਮਲਿਆਂ ਦੀਆਂ ਯਾਦਾਂ ਤਾਜਾ ਕੀਤੀਆਂ ਹਨ, ਜੋ ਕਿ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਦੇ ਹਫ਼ਤਿਆਂ ਵਿਚ ਹੋਏ ਸਨ। ਜਿਸ ਦੌਰਾਨ ਨਿਊਯਾਰਕ ਸਿਟੀ ਵਿੱਚ ਮੀਡੀਆ, ਵਾਸ਼ਿੰਗਟਨ ਵਿੱਚ ਵਿਧਾਇਕਾਂ ਦੇ ਦਫ਼ਤਰਾਂ ਨੂੰ ਕਈ ਪੱਤਰ ਭੇਜੇ ਗਏ ਸਨ। ਜਿਹਨਾਂ ਕਰਕੇ 5 ਲੋਕ ਮਰ ਗਏ ਸਨ।

ਨੋਟ- ਨਿਊਯਾਰਕ ਸਿਟੀ ਦੇ ਸਕੂਲਾਂ 'ਚ ਭੇਜੇ ਗਏ ਚਿੱਟੇ ਪਾਊਡਰ ਵਾਲੇ ਲਿਫ਼ਾਫ਼ੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News