ਅਮਰੀਕਾ ''ਚ ਮਰਹੂਮ ਸਿੱਖ ਪੁਲਸ ਅਧਿਕਾਰੀ ਦੇ ਨਾਮ ''ਤੇ ਰੱਖਿਆ ਗਿਆ ਡਾਕਘਰ ਦਾ ਨਾਮ
Tuesday, Dec 22, 2020 - 06:02 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ, ਜਿਸ ਦੇ ਤਹਿਤ ਟੈਕਸਾਸ ਵਿਚ ਇਕ ਡਾਕਘਰ ਦਾ ਨਾਮ ਮਰਹੂਮ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਹੋਵੇਗਾ। ਇਕ ਸਾਲ ਪਹਿਲਾਂ ਹਿਊਸਟਨ ਵਿਚ ਆਵਾਜਾਈ ਵਿਵਸਥਾ ਸੰਭਾਲਣ ਦੌਰਾਨ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਦੱਸਿਆ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿਚ 315 ਐਡੀਕਸ ਹੋਵੇਲ ਰੋਡ 'ਤੇ ਸਥਿਤ ਡਾਕਘਰ ਦਾ ਨਾਮ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ ਕਰਨ ਨਾਲ ਸੰਬੰਧਤ ਕਾਨੂੰਨ 'ਤੇ ਦਸਤਖ਼ਤ ਕਰ ਦਿੱਤੇ ਹਨ।
ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਮ 'ਤੇ ਹੁਣ ਤੱਕ ਦੋ ਡਾਕਘਰਾਂ ਦੇ ਨਾਮ ਰੱਖੇ ਗਏ ਹਨ। ਇਸ ਤੋਂ ਪਹਿਲਾਂ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਪਹਿਲੇ ਸਾਂਸਦ ਦਲੀਪ ਸਿੰਘ ਸੌਂਦ ਦੇ ਨਾਮ 'ਤੇ ਡਾਕਘਰ ਦਾ ਨਾਮ ਰੱਖਿਆ ਗਿਆ ਸੀ। ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਇਸ ਸੰਬੰਧ ਵਿਚ ਹਾਲ ਹੀ ਵਿਚ ਬਿੱਲ ਪਾਸ ਕੀਤਾ ਸੀ। ਟੈਕਸਾਸ ਦੇ ਸਾਂਸਦ ਟੇਡ ਕਰੂਜ਼ ਨੇ ਸੈਨੇਟ ਵਿਚ ਕਿਹਾ ਸੀ ਕਿ ਧਾਲੀਵਾਲ ਨਾਇਕ ਅਤੇ ਮਾਰਗਦਰਸ਼ਕ ਸਨ, ਜਿਹਨਾਂ ਦੇ ਕੰਮਾਂ ਨਾਲ ਸਿੱਖਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇਗੀ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਮੋਦੀ ਨੂੰ 'ਲੀਜ਼ਨ ਆਫ ਮੈਰਿਟ' ਪੁਰਸਕਾਰ ਨਾਲ ਕੀਤਾ ਸਨਮਾਨਿਤ
ਧਾਲੀਵਾਲ ਦਾ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਭਾਰਤ ਵਿਚ ਪੈਦਾ ਹੋਏ ਧਾਲੀਵਾਲ ਆਪਣੇ ਮਾਪਿਆਂ ਦੇ ਨਾਲ ਹਿਊਸਟਨ ਚਲੇ ਗਏ ਸਨ। ਹੈਰਿਸ ਕਾਊਂਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਦਫਤਰ ਵਿਚ ਤਾਇਨਾਤ ਧਾਲੀਵਾਲ ਟੈਕਸਾਸ ਦੇ ਭਾਰਤੀ ਮੂਲ ਦੇ ਪਹਿਲੇ ਸਿੱਖ ਸਨ, ਜਿਹਨਾਂ ਨੂੰ ਪੱਗ ਪਾਉਣ ਅਤੇ ਦਾੜ੍ਹੀ ਰੱਖਣ ਸਮੇਤ ਆਪਣੀਆਂ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਦਿਆਂ ਡਿਊਟੀ ਨਿਭਾਉਣ ਦੀ ਛੋਟ ਦਿੱਤੀ ਗਈ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।