ਚੀਨ ਲਈ ਅਮਰੀਕਾ ਦੀ ਯੋਜਨਾ, ਨਾਟੋ ਜਿਹਾ ਸੰਗਠਨ ਬਣਾਉਣਗੇ ਭਾਰਤ, ਜਾਪਾਨ ਤੇ ਆਸਟ੍ਰੇਲੀਆ
Tuesday, Sep 01, 2020 - 06:26 PM (IST)

ਵਾਸ਼ਿੰਗਟਨ (ਬਿਊਰੋ): ਦੱਖਣੀ ਏਸ਼ੀਆ ਅਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੀ ਵੱਧਦੀ ਤਾਨਾਸ਼ਾਹੀ ਦੇ ਖਿਲਾਫ਼ ਅਮਰੀਕਾ ਨੇ ਵੀ ਆਪਣਾ ਮਾਸਟਰ ਪਲਾਨ ਤਿਆਰ ਕਰ ਲਿਆ ਹੈ। ਅਮਰੀਕਾ ਇੰਡੋ-ਪੈਸੀਫਿਕ ਖੇਤਰ ਦੇ ਆਪਣੇ ਸਾਥੀਆਂ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨੂੰ ਨਾਲ ਲੈ ਕੇ ਇਕ ਨਾਟੋ ਜਿਹਾ ਸੰਗਠਨ ਬਣਾਉਣਾ ਚਾਹੁੰਦਾ ਹੈ। ਅਮਰੀਕਾ ਨੂੰ ਲੱਗਦਾ ਹੈ ਕਿ ਚੀਨ 'ਤੇ ਲਗਾਮ ਲਗਾਉਣ ਲਈ ਇਹ ਨੌਰਥ ਅਟਲਾਂਟਿਕ ਟ੍ਰੀਟੀ ਓਰਗੇਨਾਈਜੇਸ਼ਨ (ਨਾਟੋ) ਜਿਹਾ ਇਕ ਗਠਜੋੜ ਇਸ ਇਲਾਕੇ ਲਈ ਬਹੁਤ ਜ਼ਰੂਰੀ ਹੈ।
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫੇਨ ਬਿਗਨ ਨੇ ਸੋਮਵਾਰ ਨੂੰ ਕਿਹਾ ਕਿ ਇਹਨਾਂ ਚਾਰੇ ਦੇਸ਼ਾਂ ਦੀ ਬੈਠਕ ਜਲਦੀ ਹੀ ਦਿੱਲੀ ਵਿਚ ਹੋਣ ਦੀ ਆਸ ਹੈ। ਇਸ ਬੈਠਕ ਵਿਚ ਇਸ ਪ੍ਰਸਤਾਵਿਤ ਸੰਗਠਨ ਅਤੇ ਮਿਲਟਰੀ ਸਹਿਯੋਗ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਬਿਗਨ ਨੇ ਯੂ.ਐੱਸ.-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਵਿਚ ਕਿਹਾ ਕਿ ਅਮਰੀਕਾ ਦਾ ਉਦੇਸ਼ ਇਹਨਾਂ ਚਾਰ ਦੇਸ਼ਾਂ ਦੇ ਨਾਲ ਦੂਜੇ ਦੇਸ਼ਾਂ ਨੂੰ ਮਿਲਾ ਕੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਬਿਗਨ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਹੇ ਰਿਚਰਡ ਵਰਮਾ ਦੇ ਨਾਲ ਆਨਲਾਈਨ ਚਰਚਾ ਵਿਚ ਹਿੱਸਾ ਲੈ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਸਰਕਾਰੀ ਟੀਵੀ ਦੀ ਆਸਟ੍ਰੇਲੀਆਈ ਐਂਕਰ ਨੂੰ ਕੀਤਾ ਗ੍ਰਿਫਤਾਰ
ਨਾਟੋ ਜਿਹੇ ਸੰਗਠਨ ਦੀ ਲੋੜ
ਬਿਗਨ ਨੇ ਕਿਹਾ,''ਇੰਡੋ-ਪੈਸੀਫਿਕ ਖੇਤਰ ਵਿਚ ਮਜਬੂਤ ਸੰਗਠਨ ਦੀ ਕੰਮੀ ਹੈ। ਉਹਨਾਂ ਦੇ ਕੋਲ ਨਾਟੋ ਜਾਂ ਯੂਰਪੀ ਯੂਨੀਅਨ (ਈ.ਯੂ.) ਜਿਹਾ ਕੋਈ ਮਜ਼ਬੂਤ ਸੰਗਠਨ ਨਹੀਂ ਹੈ। ਯਾਦ ਕਰੋ ਕਿ ਜਦੋਂ ਨਾਟੋ ਦੀ ਸ਼ੁਰੂਆਤ ਹੋਈ ਸੀ ਤਾਂ ਬਹੁਤ ਮਾਮੂਲੀ ਆਸਾਂ ਸਨ। ਸ਼ੁਰੂ ਵਿਚ ਕਈ ਦੇਸ਼ਾਂ ਨੇ ਨਾਟੋ ਦੀ ਮੈਂਬਰਸ਼ਿਪ ਲੈਣ ਦੀ ਬਜਾਏ ਵੱਖਰੇ ਰਹਿਣਾ ਸਹੀ ਸਮਝਿਆ ਸੀ।'' ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦਾ ਗਠਜੋੜ ਉਦੋਂ ਹੁੰਦਾ ਹੈ ਜਦੋਂ ਦੂਜੇ ਦੇਸ਼ ਅਮਰੀਕਾ ਜਿੰਨੇ ਹੀ ਵਚਨਬੱਧ ਹੋਣਗੇ। ਬਿਗਨ ਨੇ ਕਿਹਾ ਕਿ ਮਾਲਾਬਾਰ ਨੇਵਲ ਐਕਸਰਸਾਈਜ਼ ਵਿਚ ਆਸਟ੍ਰੇਲੀਆ ਦਾ ਸ਼ਾਮਲ ਹੋਣਾ ਡਿਫੈਂਸ ਬਲਾਕ ਬਣਾਉਣ ਦੀ ਇਸ ਦਿਸ਼ਾ ਵਿਚ ਇਕ ਕਦਮ ਹੈ। ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮੁਤਾਬਕ, ਭਾਰਤ ਸਪੱਸ਼ਟ ਰੂਪ ਨਾਲ ਮਾਲਾਬਾਰ ਨੇਵਲ ਐਕਸਰਸਾਈਜ਼ ਵਿਚ ਆਸਟ੍ਰੇਲੀਆ ਦੇ ਸ਼ਾਮਲ ਹੋਣ ਦਾ ਸੰਕੇਤ ਦੇ ਰਿਹਾ ਹੈ। ਬਿਗਨ ਨੇ ਇਹ ਵੀ ਕਿਹਾ ਹੈ ਕਿ ਕਵਾਡੀਲੇਟਰਲ ਸਿਕਓਰਿਟੀ ਡਾਇਲਾਗ (ਕਵਾਡ) ਦੇਸ਼ਾਂ ਵਿਚ ਵੀਅਤਨਾਮ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਨੂੰ ਵੀ ਸ਼ਾਮਲ ਕੀਤਾ ਜਾਵੇ। ਹਾਲੇ ਇਸ ਵਿਚ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਇਸ ਦਾ ਉਦੇਸ਼ ਇੰਡੋ-ਪੈਸੀਫਿਕ ਖੇਤਰ ਵਿਚ ਸ਼ਾਂਤੀ ਬਣਾਈ ਰੱਖਣਾ ਹੈ।
ਪੜ੍ਹੋ ਇਹ ਅਹਿਮ ਖਬਰ- ਧੋਖਾਧੜੀ ਮਾਮਲੇ 'ਚ ਸਾਊਦੀ ਸ਼ਾਹੀ ਪਰਿਵਾਰ ਦੇ ਦੋ ਮੈਂਬਰ ਤੇ ਹੋਰ ਅਧਿਕਾਰੀ ਬਰਖਾਸਤ