ਭਾਰਤੀ ਅੰਬੈਸੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮਨਾਇਆ

Sunday, May 12, 2019 - 02:18 PM (IST)

ਭਾਰਤੀ ਅੰਬੈਸੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮਨਾਇਆ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਭਾਰਤੀ ਅੰਬੈਸੀ ਵਲੋਂ ਹਰ ਸਾਲ ਵਿਸਾਖੀ ਦਾ ਸਮਾਗਮ ਅੰਬੈਸਡਰ ਦੀ ਰਿਹਾਇਸ਼ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਵਿਸਾਖੀ ਜਿੱਥੇ ਮੇਲੇ ਦੇ ਰੂਪ ਵਿੱਚ ਮਨਾਈ ਗਈ ਹੈ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸਾਖੀ ਵੱਖਰੀ ਛਾਪ ਛੱਡ ਗਈ। ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਦਿਨ ਰਾਤ ਇੱਕ ਕਰਕੇ ਇਸ ਦਿਹਾੜੇ ਨੂੰ ਪੰਜਾਬ ਦੀ ਵਿਰਾਸਤ ਨੂੰ ਦਰਸਾਉਣ ਦੀ ਬਾਖੂਬ ਕੋਸ਼ਿਸ਼ ਕੀਤੀ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਦਸਤਾਰਬੰਦੀ ਨਾਲ ਕੀਤੀ ਗਈ। ਜਿਸ ਵਿੱਚ ਸਿੱਖਸ ਆਫ ਅਮਰੀਕਾ ਦੀ ਟੀਮ ਨੇ ਦਸਤਾਰਾਂ ਸਜਾਈਆਂ। ਜਿਸ ਵਿੱਚ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੇ ਪਹਿਲੀ ਦਸਤਾਰ ਸਜਾਈ ਗਈ। ਉਪਰੰਤ ਦਸਤਾਰਾਂ ਸਜਾਉਣ ਦਾ ਸਿਲਸਿਲਾ ਜਾਰੀ ਰਿਹਾ। ਜਿਸ ਵਿੱਚ ਅੰਬੈਸੀ ਦੇ ਪੂਰੇ ਸਟਾਫ, ਕਮਿਊਨਿਟੀ ਲੀਡਰਾਂ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੇ ਦਸਤਾਰਾਂ ਸਜਾ ਵਿਸਾਖੀ ਸਮਾਗਮ ਨੂੰ ਪ੍ਰਣਾਮ ਕੀਤਾ।

PunjabKesari

ਰੰਗਾਰੰਗ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਬਦ ਸਰਵਣ ਕਰਵਾਇਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸੇ ਦੀ ਸਿਰਜਣਾ ਨੂੰ ਯਾਦ ਕਰਵਾਇਆ ਗਿਆ। ਉਪਰੰਤ ਸਿਮਰਨ ਕੌਰ ਨੇ ਖਾਲਸੇ ਦੀ ਮਹੱਤਤਾ ਅਤੇ ਵਿਸਾਖੀ ਦੀ ਅਹਿਮੀਅਤ ਨੂੰ ਆਪਣੇ ਲਫਜ਼ਾਂ ਵਿੱਚ ਅਜਿਹਾ ਬਿਆਨ ਕੀਤਾ ਕਿ ਹਾਜ਼ਰੀਨ ਨੇ ਉਸ ਦੀ ਪੇਸ਼ਕਾਰੀ ਨੂੰ ਖੂਬ ਸਲਾਹਿਆ।ਜਿਉਰੀ ਢੋਲ ਦੇ ਡਗੇ ਦੀ ਤਾਲ ਵੱਜੀ ਤਾਂ ਮੁਟਿਆਰਾਂ ਵਲੋਂ ਗਿੱਧੇ ਭੰਗੜੇ ਨੂੰ ਸਾਂਝੇ ਤੌਰ ਤੇ ਅਜਿਹਾ ਪੇਸ਼ ਕੀਤਾ ਕਿ ਪੰਜਾਬ ਦਾ ਸੱਭਿਆਚਾਰ ਚੇਤੇ ਕਰਾ ਗਿਆ। ਮਾਰਸ਼ਲ ਆਰਟ ਦੀ ਪੇਸ਼ਕਾਰੀ, ਖਾਲਸੇ ਦੇ ਚਿੰਨ੍ਹਾਂ ਅਤੇ ਗੱਤਕੇ ਦੇ ਜੌਹਰਾਂ ਨੇ ਆਏ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ। ਰੰਗਾ ਰੰਗ ਪ੍ਰੋਗਰਾਮ ਪੂਰਨ ਤੌਰ ਤੇ ਧਾਰਮਿਕ ਰਹੁਰੀਤਾਂ ਅਤੇ ਸੰਸਕ੍ਰਿਤੀ ਨੂੰ ਸਮਰਪਿਤ ਰਿਹਾ।

ਭਾਰਤੀ ਅੰਬੈਸਡਰ ਹਰਸ਼ ਵਰਧਨ ਨੇ ਕਿਹਾ ਕਿ ਭਾਰਤੀ ਕਮਿਊਨਿਟੀ ਹਰ ਤਿਉਹਾਰ ਨੂੰ ਰਹੁਰੀਤਾਂ ਨਾਲ ਮਨਾਉਣ ਵਿੱਚ ਯੋਗਦਾਨ ਪਾਉਂਦੀ ਹੈ ਜਿਸ ਕਰਕੇ ਅਜਿਹੇ ਸਮਾਗਮ ਕਾਮਯਾਬੀ ਅਖਤਿਆਰ ਕਰਦੇ ਹਨ। ਉਨ੍ਹਾਂ ਕਿਹਾ ਜਿੱਥੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਉੱਥੇ ਕਮਿਊਨਿਟੀ ਦੀ ਸ਼ਮੂਲੀਅਤ ਅੱਜ ਦੇ ਸਮਾਗਮ ਨੂੰ ਚਾਰ ਚੰਨ ਲਾ ਗਈ ਹੈ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ, ਭਾਰਤੀ ਹਰ ਪਾਸੇ ਮੱਲਾਂ ਮਾਰ ਰਹੇ ਹਨ। ਜਿਸ ਕਰਕੇ ਭਾਰਤ ਸੰਸਾਰ ਦੇ ਅਹਿਮ ਮੁਲਕਾਂ ਵਿੱਚ ਆਪਣੀ ਥਾਂ ਬਣਾ ਗਿਆ ਹੈ। ਮੇਰੀ ਕੋਸ਼ਿਸ਼ ਹੈ ਕਿ ਕਮਿਊਨਿਟੀ ਮਿਲ ਜੁਲ ਕੇ ਅੱਗੇ ਵਧੇ ਅਤੇ ਤਰੱਕੀ ਕਰੇ।

PunjabKesari

ਇਸ ਸਮਾਗਮ ਵਿੱਚ ਪੰਜਾਬੀਆਂ ਲਈ ਲੱਸੀ, ਮੱਕੀ ਦੀ ਰੋਟੀ, ਸਰੋਂ ਦੇ ਸਾਗ ਤੋਂ ਇਲਾਵਾ ਹਰ ਪੰਜਾਬੀ ਖਾਣੇ ਨੇ ਪੰਜਾਬ ਦੇ ਮੇਲਿਆਂ ਦਾ ਲੁਤਫ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਨੂੰ ਸਮਰਪਿਤ ਪ੍ਰਦਰਸ਼ਨੀ ਜਿਸ ਵਿੱਚ ਬਾਬੇ ਨਾਨਕ ਦੀ ਜੀਵਨ ਗਾਥਾ ਤੋਂ ਲੈ ਕੇ, ਉਸ ਸਮੇਂ ਦੇ ਸਾਜਾਂ ਦੀ ਪ੍ਰਦਰਸ਼ਨੀ ਨੇ ਵਿਸਾਖੀ ਦੇ ਸਮਾਗਮ ਨੂੰ ਖਾਸ ਬਣਾ ਦਿੱਤਾ। ਜਿਸ ਦਾ ਜ਼ਿਕਰ ਹਾਜ਼ਰੀਨ ਵਿੱਚ ਖੂਬ ਮਹਿਸੂਸ ਕੀਤਾ ਗਿਆ। ਸਮੁੱਚੇ ਰੂਪ ਵਿੱਚ ਇਹ ਵਿਸਾਖੀ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਵਾ ਗਿਆ। 

PunjabKesari

ਇਸ ਵਿਸਾਖੀ ਸਮਾਗਮ ਵਿੱਚ ਨਿਊਯਾਰਕ, ਕੈਲੀਫੋਰਨੀਆਂ, ਨਿਊਜਰਸੀ, ਡੈਲਵੇਅਰ ਤੋਂ ਵੀ ਕਮਿਊਨਿਟੀ ਲੀਡਰਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਮੁੱਖ ਤੌਰ ਤੇ ਸੁੱਖੀ ਚਹਿਲ, ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ, ਚਤਰ ਸਿੰਘ, ਮਨਿੰਦਰ ਸਿੰਘ ਸੇਠੀ, ਗੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਦਲਵੀਰ ਸਿੰਘ, ਗੁਰਚਰਨ ਸਿੰਘ, ਗੁਰਭੇਜ ਸਿੰਘ, ਪਵਨ ਬੈਜਵਾੜਾ, ਮੋਨੀ ਗਿੱਲ, ਹਰਜੀਤ ਸਿੰਘ ਹੁੰਦਲ, ਡਾ. ਸੁਖਪਾਲ ਸਿੰਘ ਧਨੋਆ, ਡਾ. ਸੁਰੇਸ਼ ਗੁਪਤਾ, ਡਾ. ਸਕਸੇਰੀਆ ਅਤੇ ਪਰਮਜੀਤ ਸਿੰਘ ਬੇਦੀ ਸ਼ਾਮਲ ਹੋਏ। ਸੁਰਿੰਦਰ ਸਿੰਘ ਇੰਜੀਨੀਅਰ, ਡਾ. ਸਾਹਨੀ, ਅੰਜਨਾ, ਕੀਰਤੀ ਦਾ ਵੀ ਖਾਸ ਯੋਗਦਾਨ ਰਿਹਾ। ਭਾਰਤੀ ਅੰਬੈਸੀ ਦਾ ਪੂਰਾ ਸਟਾਫ ਇਸ ਸਮਾਗਮ ਦੀ ਕਾਮਯਾਬੀ ਲਈ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਕਈ ਦਿਨਾਂ ਤੋਂ ਇਸ ਦੇ ਪ੍ਰਬੰਧ ਵਿੱਚ ਆਪਣੀ ਪੂਰੀ ਵਾਹ ਲਾਈ। ਇਸ ਸਾਲ ਭਾਰਤੀ ਅੰਬੈਸੀ ਦਾ ਵਿਸਾਖੀ ਸਮਾਗਮ 550ਵੇਂ ਆਗਮਨ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਰਿਹਾ।


author

Vandana

Content Editor

Related News