ਅਮਰੀਕਾ ਨੇ ਬੱਚਿਆਂ ''ਤੇ ਹੰਝੂ ਗੈਸ ਦੀ ਨਹੀਂ ਕੀਤੀ ਵਰਤੋਂ : ਟਰੰਪ
Tuesday, Nov 27, 2018 - 09:54 AM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਮੈਕਸੀਕੋ ਸਰਹੱਦ 'ਤੇ ਹੰਝੂ ਗੈਸ ਦੇ ਗੋਲੇ ਛੱਡਣੇ ਪਏ ਕਿਉਂਕਿ ਕੁਝ ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਨ੍ਹਾਂ ਗੋਲਿਆਂ ਦੀ ਵਰਤੋਂ ਬੱਚਿਆਂ 'ਤੇ ਨਹੀਂ ਕੀਤੀ ਗਈ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ।
ਪੱਤਰਕਾਰਾਂ ਨੇ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਅਮਰੀਕੀ ਸਰਹੱਦ ਗਸ਼ਤ ਅਧਿਕਾਰੀਆਂ ਵੱਲੋਂ ਮੈਕਸੀਕੋ ਸਰਹੱਦ 'ਤੇ ਹੰਝੂ ਗੈਸ ਦੇ ਗੋਲੇ ਦਾਗੇ ਜਾਣ ਦੇ ਬਾਰੇ ਵਿਚ ਸਵਾਲ ਪੁੱਛਿਆ ਸੀ। ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ,''ਅਸੀਂ ਨਹੀਂ ਕੀਤਾ। ਅਸੀਂ ਇਸ ਹੰਝੂ ਗੈਸ ਦੀ ਵਰਤੋਂ ਬੱਚਿਆਂ 'ਤੇ ਨਹੀਂ ਕਰਦੇ।'' ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਪਈ ਕਿਉਂਕਿ ਕੁਝ ਲੋਕ ਜ਼ਬਰਦਸਤੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕੋਈ ਵੀ ਸਾਡੇ ਦੇਸ਼ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਨਹੀਂ ਹੋ ਸਕਦਾ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਮੈਕਸੀਕੋ ਨੂੰ ਕਿਹਾ ਸੀ ਕਿ ਉਹ ਸ਼ਰਨਾਰਥੀਆਂ ਨੂੰ ਸਰਹੱਦ ਪਾਰ ਨਾ ਕਰਨ ਦੇਣ। ਉਨ੍ਹਾਂ ਨੇ ਕਿਹਾ,''ਮੈਕਸੀਕੋ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਉਹ ਅਜਿਹਾ ਕਰ ਸਕਦੇ ਹਨ ਪਰ ਅਸੀਂ ਕੁਝ ਸਮੇਂ ਲਈ ਸਰਹੱਦ ਨੂੰ ਬੰਦ ਕਰ ਦਿੱਤਾ।''