ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਬ੍ਰਾਜ਼ੀਲ ਨੂੰ ਦੇਵੇਗਾ 1,000 ਵੈਂਟੀਲੇਟਰ
Monday, May 25, 2020 - 01:09 PM (IST)
ਮਾਸਕੋ (ਵਾਰਤਾ) : ਅਮਰੀਕਾ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਬ੍ਰਾਜ਼ੀਲ ਨੂੰ 1,000 ਵੈਂਟੀਲੇਟਰ ਦੇਵੇਗਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ.ਐੱਸ.ਸੀ.) ਨੇ ਇਸ ਦੀ ਘੋਸ਼ਣਾ ਕੀਤੀ ਹੈ। ਐੱਨ.ਐੱਸ.ਸੀ. ਨੇ ਐਤਵਾਰ ਨੂੰ ਆਪਣੇ ਆਧਿਕਾਰਿਕ ਟਵਿੱਟਰ ਅਕਾਊਂਟ 'ਤੇ ਘੋਸ਼ਣਾ ਕੀਤੀ, ''ਅਮਰੀਕਾ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਲਈ ਬ੍ਰਾਜ਼ੀਲ ਨੂੰ 1,000 ਵੈਂਟੀਲੇਟਰ ਦੇਵੇਗਾ।
ਅਮਰੀਕਾ ਬ੍ਰਾਜ਼ੀਲ ਦੀਆਂ ਮਜ਼ਬੂਤ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ ਅਤੇ ਜਲਦ ਹੀ ਰੱਖਿਆ ਅਤੇ ਵਪਾਰ ਦੇ ਖੇਤਰ ਵਿਚ ਸਾਡੀ ਸਾਂਝੇਦਾਰੀ ਜ਼ਿਆਦਾ ਮਜਬੂਤ ਹੋਵੇਗੀ। ਇਸ ਘੋਸ਼ਣਾ ਤੋਂ ਕੁੱਝ ਸਮਾਂ ਪਹਿਲਾਂ ਹੀ ਅਮਰੀਕਾ ਨੇ ਨਵੇਂ ਨਿਯਮ ਜਾਰੀ ਕੀਤੇ ਹਨ, ਜਿਸ ਤਹਿਤ ਪਿਛਲੇ 14 ਦਿਨਾਂ ਦੌਰਾਨ ਬ੍ਰਾਜ਼ੀਲ ਵਿਚ ਰਹਿਣ ਵਾਲੇ ਵਿਦੇਸ਼ੀਆਂ ਲਈ ਅਮਰੀਕਾ ਦੀ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਐੱਨ.ਐੱਸ.ਸੀ. ਨੇ ਟਵਿੱਟਰ 'ਤੇ ਲਿਖਿਆ, ''ਬ੍ਰਾਜ਼ੀਲ ਵਿਸ਼ਵ ਵਿਚ ਸਾਡਾ ਇਕ ਮਜਬੂਤ ਸਾਂਝੀਦਾਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਡੇ ਲੋਕਾਂ ਦੀ ਕੋਵਿਡ-19 ਤੋਂ ਰੱਖਿਆ ਲਈ ਬ੍ਰਾਜ਼ੀਲ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ 'ਤੇ ਅਸਥਾਈ ਪਾਬੰਦੀਆਂ ਲਗਾਈਆਂ ਹਨ, ਇਹ ਹੋਰ ਦੇਸ਼ਾਂ ਨਾਲ ਮੌਜੂਦਾ ਪਾਬੰਦੀਆਂ ਦੇ ਸਮਾਨ ਹੈ।''