ਅਮਰੀਕੀ ਜੱਜ ਨੇ ਬੰਦੂਕ ਦਾ 3ਡੀ ਫਾਰਮੈਟ ਜਾਰੀ ਕਰਨ ''ਤੇ ਲਗਾਈ ਰੋਕ

08/01/2018 6:04:39 PM

ਵਾਸ਼ਿੰਗਟਨ (ਭਾਸ਼ਾ)— ਇਕ ਅਮਰੀਕੀ ਜੱਜ ਨੇ 3ਡੀ ਪ੍ਰਿੰਟਿਡ ਹਥਿਆਰਾਂ ਲਈ ਫਾਰਮੈਟ ਦੇ ਆਨਲਾਈਨ ਪ੍ਰਕਾਸ਼ਨ 'ਤੇ ਅਸਥਾਈ ਰੂਪ 'ਤੇ ਰੋਕ ਲਗਾ ਦਿੱਤੀ ਹੈ। ਡਿਜੀਟਲ ਦਸਤਾਵੇਜ਼ ਜਾਰੀ ਕਰਨ ਲਈ ਕੰਪਨੀ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਝੌਤੇ ਨੂੰ ਰੋਕਣ ਦੀ ਦਿਸ਼ਾ ਵਿਚ ਇਹ ਆਖਰੀ ਕੋਸ਼ਿਸ਼ ਸੀ। 8 ਸੂਬਿਆਂ ਅਤੇ ਡਿਸਟ੍ਰੀਕਟ ਆਫ ਕੋਲੰਬੀਆ (ਡੀ.ਸੀ.) ਨੇ ਫੈਡਰਲ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰ ਕੇ ਟੈਕਸਾਸ ਸਥਿਤ 'ਡਿਫੈਂਸ ਡਿਸਟ੍ਰੀਬਿਊਟਿਡ' ਨਾਲ ਹੋਏ ਸਮਝੌਤੇ ਨੂੰ ਇਕਪਾਸੜ ਦੱਸਿਆ। ਡੀ.ਸੀ. ਵਿਚ ਹੀ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਹੈ। 
ਟਰੰਪ ਪ੍ਰਸ਼ਾਸਨ ਨੇ ਕੰਪਨੀ ਨੂੰ ਆਪਣੀ ਵੈਬਸਾਈਟ ਦੇ ਪ੍ਰਕਾਸ਼ਨ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਨਾਲ 5 ਸਾਲ ਤੋਂ ਚੱਲ ਰਹੀ ਕਾਨੂੰਨੀ ਲੜਾਈ ਖਤਮ ਹੋ ਗਈ ਸੀ। ਇੱਥੇ ਦੱਸ ਦਈਏ ਕਿ 3ਡੀ ਪ੍ਰਿੰਟਰ ਜਾਂ ਨਿੱਜੀ ਸਟੀਲ ਮਿੱਲ ਦੀ ਵਰਤੋਂ ਕਰ ਕੇ ਹਥਿਆਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਪਲਾਸਟਿਕ ਨਾਲ ਵੀ ਬੰਦੂਕ ਬਣਾਈ ਜਾ ਸਕਦੀ ਹੈ ਜੋ ਕਿ ਮੈਟਲ ਡਿਟੈਕਟਰ (ਧਾਤ ਨਾਲ ਬਣੀਆਂ ਚੀਜ਼ਾਂ ਦਾ ਪਤਾ ਲਗਾਉਣ ਵਾਲੀ ਮਸ਼ੀਨ) ਤੋਂ ਵੀ ਬੱਚ ਨਿਕਲੇਗੀ। ਸੀਏਟਲ ਵਿਚ ਅਮਰੀਕੀ ਜ਼ਿਲਾ ਜੱਜ ਰੌਬਰਟ ਲੇਸਨਿਕ ਨੇ ਡਿਜੀਟਲ ਫਾਰਮੈਟ ਜਾਰੀ ਕਰਨ ਦੇ ਆਦੇਸ਼ 'ਤੇ ਅਸਥਾਈ ਰੋਕ ਲਗਾ ਦਿੱਤੀ। ਨਿਊਯਾਰਕ ਦੀ ਅਟਾਰਨੀ ਜਨਰਲ ਬਾਰਬਰਾ ਅੰਡਰਵੁੱਡ ਨੇ ਇਸ ਫੈਸਲੇ ਨੂੰ ਆਮ ਜਨਤਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇਤਿਹਾਸਿਕ ਦੱਸਿਆ।


Related News