ਅਮਰੀਕਾ : 12 ਸਾਲਾ ਲੜਕਾ ਹਥਿਆਰ ਦੀ ਨੋਕ ''ਤੇ ਕਾਰਾਂ ਖੋਹਣ ਦੇ ਦੋਸ਼ ''ਚ ਗ੍ਰਿਫ਼ਤਾਰ

Tuesday, Mar 09, 2021 - 11:00 AM (IST)

ਅਮਰੀਕਾ : 12 ਸਾਲਾ ਲੜਕਾ ਹਥਿਆਰ ਦੀ ਨੋਕ ''ਤੇ ਕਾਰਾਂ ਖੋਹਣ ਦੇ ਦੋਸ਼ ''ਚ ਗ੍ਰਿਫ਼ਤਾਰ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਾਸ਼ਿੰਗਟਨ, ਡੀ.ਸੀ. ਵਿਚ ਪੁਲਸ ਦੁਆਰਾ ਇੱਕ 12 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ 'ਤੇ ਸ਼ਹਿਰ ਵਿੱਚ ਤਕਰੀਬਨ ਇੱਕ ਘੰਟੇ ਦੌਰਾਨ ਹਥਿਆਰਬੰਦ ਹੋਕੇ ਚਾਰ ਕਾਰਾਂ ਲੁੱਟਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਾਂ ਦੀ ਲੁੱਟ ਦਾ ਇਹ ਸਿਲਸਿਲਾ ਵੀਰਵਾਰ 4 ਮਾਰਚ ਸ਼ਾਮੀ ਤਕਰੀਬਨ 6: 29 ਵਜੇ ਸ਼ੁਰੂ ਹੋਇਆ। 

ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਇੱਕ ਵਾਹਨ 'ਚ ਬੈਠੇ ਇੱਕ ਵਿਅਕਤੀ 'ਤੇ ਬੰਦੂਕ ਤਾਣ ਕੇ ਉਸ ਨੂੰ ਵਾਹਨ ਤੋਂ ਬਾਹਰ ਨਿਕਲ ਜਾਣ ਲਈ ਕਿਹਾ, ਜਿਸ ਉਪਰੰਤ ਵਾਹਨ ਚਾਲਕ ਆਪਣੀ ਕਾਰ ਛੱਡ ਕੇ ਭੱਜ ਗਿਆ। ਦੋਵਾਂ ਦੋਸ਼ੀਆਂ ਨੇ 46 ਮਿੰਟ ਬਾਅਦ ਤਕਰੀਬਨ 7: 15 ਵਜੇ ਪਹਿਲੀ ਘਟਨਾ ਦੇ ਸਥਾਨ ਤੋਂ ਕੁਝ ਬਲਾਕ ਦੂਰ ਦੁਬਾਰਾ ਇਸੇ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਤੋਂ ਤਕਰੀਬਨ ਪੰਜ ਮਿੰਟ ਬਾਅਦ ਲੱਗਭਗ 7:20 ਵਜੇ, ਸ਼ੱਕੀ ਲੜਕਿਆਂ ਨੇ ਇੱਕ ਤੀਸਰੀ ਕਾਰ ਤੱਕ ਪਹੁੰਚ ਕੀਤੀ ਅਤੇ ਕਾਰ ਮਾਲਕ ਨੂੰ ਬੰਦੂਕ ਦਿਖਾਉਂਦਿਆਂ ਚਾਬੀਆਂ ਦੀ ਮੰਗ ਕੀਤੀ। ਇਸ ਕਰਕੇ ਇਹ ਕਾਰ ਮਾਲਕ ਵੀ ਪੈਦਲ ਹੀ ਘਟਨਾ ਸਥਾਨ ਤੋਂ ਚਲਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਨੇ ਮਿਲਟਰੀ ਕਮਾਂਡ ਲਈ ਦੋ ਜਨਰਲ ਬੀਬੀਆਂ ਕੀਤੀਆਂ ਨਾਮਜ਼ਦ

ਇਸ ਤੋਂ ਬਾਅਦ ਕਰੀਬ 7:24 ਵਜੇ ਸ਼ੱਕੀਆਂ ਨੇ ਉੱਤਰ ਪੂਰਬ ਦੇ ਈਵਰਟਸ ਸਟ੍ਰੀਟ ਦੇ 1000 ਬਲਾਕ ਵਿੱਚ ਇੱਕ ਆਖਰੀ ਵਾਹਨ ਕੋਲ ਪਹੁੰਚ ਕੀਤੀ ਅਤੇ ਪੀੜਤ ਵਿਅਕਤੀ ਨੂੰ ਬੰਦੂਕ ਦੇ ਜੋਰ 'ਤੇ ਬਾਹਰ ਨਿਕਲਣ ਲਈ ਕਿਹਾ ਪਰ ਵਾਹਨ ਮਾਲਕ ਵੱਲੋਂ ਵਿਰੋਧ ਕਰਨ ਤੇ ਦੋਵੇਂ ਸ਼ੱਕੀ ਉਸ ਦੀ ਗੱਡੀ ਲੈ ਕੇ ਭੱਜ ਗਏ। ਪੁਲਸ ਦੁਆਰਾ ਸ਼ੱਕੀਆਂ ਵਿਚੋਂ ਇਕ ਨੂੰ ਥੋੜ੍ਹੇ ਸਮੇਂ ਬਾਅਦ ਫੜ ਲਿਆ ਗਿਆ ਅਤੇ ਪੀੜਤ ਵਿਅਕਤੀ ਦੀ ਗੱਡੀ ਵੀ ਬਰਾਮਦ ਕੀਤੀ ਗਈ। ਪੁਲਸ ਅਨੁਸਾਰ ਸਾਊਥ ਈਸਟ ਡੀ ਸੀ ਦੇ ਫੜੇ ਗਏ ਇਸ 12 ਸਾਲਾ ਨਾਬਾਲਗ ਲੜਕੇ ਉੱਪਰ ਹਥਿਆਰਬੰਦ ਕਾਰਜੈਕਿੰਗ ਦੇ ਦੋਸ਼ ਲਗਾਏ ਗਏ ਹਨ। 

ਇੱਕ ਹੋਰ ਸ਼ੱਕੀ ਜੋ 12 ਸਾਲਾਂ ਲੜਕੇ ਦੇ ਨਾਲ ਸੀ, ਨੂੰ ਵੀ ਵੀਡੀਓ ਫੁਟੇਜ 'ਤੇ ਵੇਖਿਆ ਗਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਮੈਟਰੋਪੋਲੀਟਨ ਪੁਲਸ ਵਿਭਾਗ ਨੇ ਕਿਹਾ ਕਿ ਇਸ ਘਟਨਾ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀ ਵਿਅਕਤੀ ਦੀ ਖ਼ਬਰ ਦੇਣ ਵਾਲੇ ਲਈ 10,000 ਡਾਲਰ ਤੱਕ ਦੇ ਇਨਾਮ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।


author

Vandana

Content Editor

Related News