ਅਮਰੀਕਾ : ਇਮਾਰਤ ਹੋਈ ਢਹਿ-ਢੇਰੀ, 5 ਲੋਕਾਂ ਦੀ ਮੌਤ ਤੇ 156 ਲੋਕ ਲਾਪਤਾ
Sunday, Jun 27, 2021 - 10:15 AM (IST)
 
            
            ਵਾਸ਼ਿੰਗਟਨ (ਭਾਸ਼ਾ): ਦੱਖਣੀ ਫਲੋਰੀਡਾ ਵਿਚ ਮਿਆਮੀ ਨੇੜੇ ਸ਼ਨੀਵਾਰ ਨੂੰ 12 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 156 ਲੋਕ ਲਾਪਤਾ ਹਨ। ਬਚਾਅ ਕਰਤਾ ਜਿਉਂਦੇ ਬਚੇ ਲੋਕਾਂ ਨੂੰ ਮਲਬੇ ਵਿਚ ਲੱਗੀ ਅੱਗ ਅਤੇ ਉਸ ਦੇ ਕਾਰਨ ਨਿਕਲ ਰਹੇ ਧੂੰਏਂ ਵਿਚੋਂ ਲੱਭ ਰਹੇ ਹਨ। ਮਿਆਮੀ ਡਾਡੇ ਦੀ ਮੇਅਰ ਡੇਮਿਲਾ ਨੇਵਿਨੇ ਨੇ ਦੱਸਿਆ ਕਿ ਮਲਬੇ ਵਿਚੋਂ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 156 ਲੋਕ ਹਾਲੇ ਵੀ ਲਾਪਤਾ ਹਨ।
ਉਹਨਾਂ ਨੇ ਕਿਹਾ,''ਸਾਡੀ ਸਿਖਰ ਤਰਜੀਹ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨਾ ਹੈ ਤਾਂ ਜੋ ਉਹਨਾਂ ਲੋਕਾਂ ਦੀਜਾਨ ਬਚਾਈ ਜਾ ਸਕੇ ਜਿਹਨਾਂ ਨੂੰ ਅਸੀਂ ਬਚਾ ਸਕਦੇ ਹਾਂ।'' ਇਸ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਮਲਬੇ ਵਿਚ ਲੱਗੀ ਅੱਗ ਦੀਆਂ ਲਪਟਾਂ ਬਹੁਤ ਤੇਜ਼ ਹਨ, ਜਿਸ ਕਾਰਨ ਬਚਾਅ ਮੁਹਿੰਮ ਵਿਚ ਬਹੁਤ ਮੁਸ਼ਕਲ ਹੋ ਰਹੀ ਹੈ। ਇਕ ਕ੍ਰੇਨ ਨੇ ਸਰਫਸਾਈਡ ਸ਼ਹਿਰ ਵਿਚ 30 ਫੁੱਟ ਢੇਰ ਤੋਂ ਮਲਬੇ ਦੇ ਟੁੱਕੜੇ ਹਟਾਏ ਅਤੇ ਬਚਾਅ ਦਲ ਨੇ ਮਲਬੇ ਨੂੰ ਹਟਾਉਣ ਲਈ ਵੱਡੀਆਂ ਮਸ਼ੀਨਾਂ, ਛੋਟੀਆਂ ਬਾਲਟੀਆਂ, ਡਰੋਨ ਅਤੇ ਮਾਈਕ੍ਰੋਫੋਨ ਸਮੇਤ ਕਈ ਉਪਕਰਨਾਂ ਦੀ ਵਰਤੋਂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ ਦੇ ਰਾਸ਼ਟਰਪਤੀ ਦਾ ਨਵਾਂ ਫ਼ਰਮਾਨ, ਕੋਰੋਨਾ ਵੈਕਸੀਨ ਲਗਵਾਓ ਜਾਂ ਫਿਰ ਭਾਰਤ ਜਾਓ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਵੀਟ ਕੀਤਾ ਕਿ ਉਹਨਾਂ ਨੇ ਫਲੋਰੀਡਾ ਦੇ ਗਵਰਨਰ ਏਨ ਡੇਸਾਂਟਿਸ ਨਾਲ ਸ਼ੁੱਕਰਵਾਰ ਗੱਲ ਕੀਤੀ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਮੁੱਹਈਆ ਕਰਾਉਣ ਦਾ ਭਰੋਸਾ ਦਿੱਤਾ। ਉਹਨਾਂ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ। ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਉਹ ਢਹਿ ਢੇਰੀ ਹੋ ਚੁੱਕੀ ਇਮਾਰਤ 'ਸ਼ੈਮਪਲੇਨ ਟਾਵਰਸ ਸਾਊਥ' ਦੀ ਤਰ੍ਹਾਂ 40 ਸਾਲ ਪੁਰਾਣੀਆਂ ਇਮਾਰਤਾਂ ਦੀ ਸਮੀਖਿਆ ਕਰਨਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸੁਰੱਖਿਅਤ ਹਨ ਜਾਂ ਨਹੀਂ।
ਡੇਸਾਂਟਿਸ ਨੇ ਦੱਸਿਆ ਕਿ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਹਾਦਸਾਸਥਲ 'ਤੇ ਸਥਾਨਕ ਅਤੇ ਰਾਜ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਹੜੀ ਇਮਾਰਤ ਢਹਿ ਢੇਰੀ ਹੋਈ ਹੈ ਉਸ ਦੀਆਂ ਨੇੜਲੀਆਂ ਇਮਾਰਤਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਉਹ ਵੀ ਉਨੀਆਂ ਹੀ ਪੁਰਾਣੀਆਂ ਹਨ ਅਤੇ ਉਹਨਾਂ ਦਾ ਨਕਸ਼ਾ ਵੀ ਇਕੋ ਜਿਹਾ ਹੈ।
ਨੋਟ- ਅਮਰੀਕਾ 'ਚ ਇਮਾਰਤ ਹੋਈ ਢਹਿ-ਢੇਰੀ, 5 ਲੋਕਾਂ ਦੀ ਮੌਤ ਤੇ 156 ਲੋਕ ਲਾਪਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            