ਵਿਦਿਆਰਥੀ ਦੀ ਦਰਿਆਦਿਲੀ, ਲਿਖਿਆ-''ਮੇਰੇ ਬੋਨਸ ਅੰਕ ਪੜ੍ਹਾਈ ''ਚ ਕਮਜ਼ੋਰ ਸਾਥੀ ਨੂੰ ਦੇ ਦਿਓ''
Saturday, Feb 29, 2020 - 11:11 AM (IST)
ਵਾਸ਼ਿੰਗਟਨ (ਬਿਊਰੋ): ਪ੍ਰੀਖਿਆ ਵਿਚ ਜ਼ਿਆਦਾ ਨੰਬਰ ਲੈਣ ਲਈ ਵਿਦਿਆਰਥੀ ਦਿਨ-ਰਾਤ ਮਿਹਨਤ ਕਰਦੇ ਹਨ। ਪਰ ਅਜਿਹੇ ਮਾਮਲੇ ਘੱਟ ਹੀ ਸਾਹਮਣੇ ਆਉਂਦੇ ਹਨ ਜਦੋਂ ਕੋਈ ਹੁਸ਼ਿਆਰ ਵਿਦਿਆਰਥੀ ਆਪਣੇ ਵਾਧੂ ਅੰਕ ਪੜ੍ਹਾਈ ਵਿਚ ਕਮਜ਼ੋਰ ਕਿਸੇ ਵਿਦਿਆਰਥੀ ਨੂੰ ਦੇਣ ਦੀ ਗੱਲ ਕਹੇ। ਅਜਿਹਾ ਹੀ ਇਕ ਮਾਮਲਾ ਅਮਰੀਕੀ ਸੂਬੇ ਕੈਂਟਕੀ ਦੇ ਫ੍ਰੈਂਰਫੋਰਟ ਦਾ ਸਾਹਮਣੇ ਆਇਆ ਹੈ। ਇੱਥੇ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੀ ਉੱਤਰਪੁਸਤਿਕਾ ਵਿਚ ਅਧਿਆਪਕ ਲਈ ਇਕ ਨੋਟ ਛੱਡਿਆ। ਇਸ ਨੋਟ ਵਿਚ ਵਿਦਿਆਰਥੀ ਨੇ ਕਿਹਾ ਹੈ,''ਉਸ ਨੂੰ ਮਿਲਣ ਵਾਲੇ ਬੋਨਸ ਅੰਕ ਕਲਾਸ ਵਿਚ ਸਭ ਤੋਂ ਘੱਟ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਦੇ ਦਿੱਤੇ ਜਾਣ, ਜਿਸ ਨਾਲ ਉਸ ਦੀ ਮਦਦ ਹੋ ਸਕੇ।''
ਅਧਿਆਪਕ ਨੇ ਸ਼ੇਅਰ ਕੀਤਾ ਨੋਟ
ਉੱਤਰ ਪੁਸਤਿਕਾ 'ਤੇ ਲਿਖੇ ਇਸ ਨੋਟ ਨਾਲ ਪ੍ਰਭਾਵਿਤ ਹੇ ਕੋ ਅਧਿਆਪਕ ਨੇ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਇਸ ਮਗਰੋਂ ਯੂਜ਼ਰਸ ਵਿਦਿਆਰਥੀ ਦੀ ਕਾਫੀ ਤਾਰੀਫ ਕਰ ਰਹੇ ਹਨ। 11ਵੀਂ ਕਲਾਸ ਵਿਚ ਪੜ੍ਹਨ ਵਾਲੇ ਇਸ ਵਿਦਿਆਰਥੀ ਦੀ ਉੱਤਰ ਪੁਸਤਿਕਾ ਇਤਿਹਾਸ ਪੜ੍ਹਾਉਣ ਵਾਲੇ ਅਧਿਆਪਕ ਵਿਸਟਨ ਲੀ ਨੇ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਲਿਖਿਆ,''ਮੇਰਾ ਇਕ ਵਿਦਿਆਰਥੀ ਜਿਸ ਦਾ A+ ਗ੍ਰੇਡ ਹੈ, ਉਸ ਨੇ ਆਪਣੇ 5 ਬੋਨਸ ਅੰਕ ਉਸ ਵਿਦਿਆਰਥੀ ਨੂੰ ਦੇਣ ਲਈ ਕਿਹਾ ਹੈ ਜਿਸ ਨੂੰ ਉਸ ਦੀ ਸਭ ਤੋਂ ਜ਼ਿਆਦਾ ਲੋੜ ਹੋਵੇ।''
ਵਿਦਿਆਰਥੀ ਨੇ ਕੀਤੀ ਇਹ ਬੇਨਤੀ
ਵਿਦਿਆਰਥੀ ਵੱਲੋਂ ਉੱਤਰ ਪੁਸਤਿਕਾ 'ਤੇ ਲਿਖੇ ਨੋਟ ਵਿਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਕੀ ਮੇਰੇ ਬੋਨਸ ਅੰਕ ਉਸ ਵਿਦਿਆਰਥੀ ਨੂੰ ਦੇ ਸਕਦੇ ਹੋ ਜਿਸ ਦੇ ਸਭ ਤੋਂ ਘੱਟ ਨੰਬਰ ਆਏ ਹੋਣ। ਇੱਥੇ ਦੱਸ ਦਈਏ ਕਿ ਇਸ ਵਿਦਿਆਰਥੀ ਨੂੰ 94 ਨੰਬਰ ਮਿਲੇ ਸਨ ਅਤੇ ਬੋਨਸ ਅੰਕ ਮਿਲਣ ਦੇ ਬਾਅਦ ਉਸ ਦੇ ਨੰਬਰ 99 ਹੋ ਜਾਣਗੇ। ਇਸ ਮੈਸੇਜ ਨੂੰ ਦੇਖਣ ਦੇ ਬਾਅਦ ਅਧਿਆਪਕ ਲੀ ਨੇ ਕਿਹਾ,''12 ਸਾਲ ਦੇ ਕਰੀਅਰ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਵਿਦਿਆਰਥੀ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਨੋਟ ਨੇ ਮੈਨੂੰ ਬਹੁਤ ਆਸ ਪ੍ਰਦਾਨ ਕੀਤੀ ਹੈ। ਸਾਰੇ ਲੋਕਾਂ ਨੂੰ ਥੋੜ੍ਹਾ ਜਿਹਾ ਉਸ ਨੌਜਵਾਨ ਵਿਦਿਆਰਥੀ ਜਿਹਾ ਬਣਨ ਦੀ ਲੋੜ ਹੈ।''
ਇੱਥੇ ਦੱਸ ਦਈਏ ਕਿ ਇਸ ਨੋਟ ਦੇ ਬਾਅਦ ਲੀ ਨੇ ਕਲਾਸ ਵਿਚ ਸਭ ਤੋਂ ਘੱਟ ਨੰਬਰ ਲੈਣ ਵਾਲੀ ਵਿਦਿਆਰਥਣ ਨੂੰ ਇਹ 5 ਬੋਨਸ ਅੰਕ ਦੇ ਦਿੱਤੇ। ਭਾਵੇਂਕਿ ਉਹਨਾਂ ਨੇ ਨੰਬਰ ਦੇਣ ਵਾਲੇ ਉਸ ਵਿਦਿਆਰਥੀ ਦੀ ਪਛਾਣ ਜ਼ਾਹਰ ਨਹੀਂ ਕੀਤੀ।
ਪੋਸਟ ਹੋਈ ਵਾਇਰਲ
ਫੇਸਬੁੱਕ 'ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੀ ਯੂਜ਼ਰਸ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ 'ਤੇ 92 ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ। ਉਸ ਨੂੰ 65 ਹਜ਼ਾਰ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵਿਦਿਆਰਥੀ ਵੱਲੋਂ ਦਿਖਾਈ ਗਈ ਦਰਿਆਦਿਲੀ ਦੀ ਯੂਜ਼ਰਸ ਨੇ ਖੁੱਲ੍ਹ ਕੇ ਤਾਰੀਫ ਕੀਤੀ ਹੈ। ਉੱਥੇ ਕੁਝ ਯੂਜ਼ਰਸ ਨੇ ਉਹਨਾਂ ਵਿਦਿਆਰਥੀਆਂ ਨੂੰ ਨਸੀਹਤ ਵੀ ਦਿੱਤੀ ਹੈ ਜੋ ਪੜ੍ਹਨ ਵਿਚ ਕਮਜ਼ੋਰ ਹਨ।