ਹੁਣ ਸੌਖਾ ਨਹੀਂ ਮਿਲੇਗਾ USA ਦਾ ਵੀਜ਼ਾ, ਲਾਗੂ ਹੋਣ ਜਾ ਰਿਹੈ ਨਵਾਂ ਨਿਯਮ

10/05/2019 3:30:43 PM

ਵਾਸ਼ਿੰਗਟਨ— USA ਦਾ ਵੀਜ਼ਾ ਲੈਣਾ ਹੁਣ ਹੋਰ ਵੀ ਮੁਸ਼ਕਲ ਹੋਣ ਜਾ ਰਿਹਾ ਹੈ। ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੁਕਮ ਜਾਰੀ ਕੀਤਾ ਹੈ, ਜਿਸ ਮੁਤਾਬਕ ਹੁਣ ਵੀਜ਼ਾ ਅਰਜ਼ੀ 'ਚ ਲੋਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਉਹ ਸਿਹਤ ਸੇਵਾਵਾਂ ਦਾ ਖਰਚ ਖੁਦ ਉਠਾ ਸਕਦੇ ਹਨ ਜਾਂ ਨਹੀਂ। ਇਹ ਇਕ ਅਜਿਹਾ ਕਦਮ ਹੈ ਜਿਸ ਨਾਲ ਗਰੀਬ ਪ੍ਰਵਾਸੀਆਂ ਦਾ ਅਮਰੀਕਾ 'ਚ ਦਾਖਲ ਹੋਣਾ ਮੁਸ਼ਕਲ ਹੋ ਸਕਦਾ ਹੈ।

 

ਨਵਾਂ ਨਿਯਮ 3 ਨਵੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਇਹ ਨਿਯਮ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਯੂ. ਐੱਸ. 'ਚ ਰਹਿ ਰਿਹਾ ਹੈ, ਯਾਨੀ ਸਭ ਤਰ੍ਹਾਂ ਦੇ ਵਿਦੇਸ਼ੀ ਲੋਕਾਂ ਨੂੰ ਵੀਜ਼ਾ ਅਰਜ਼ੀ 'ਚ ਇਹ ਜਾਣਕਾਰੀ ਸਪੱਸ਼ਟ ਦੇਣੀ ਹੋਵੇਗੀ।

ਵ੍ਹਾਈਟ ਹਾਊਸ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਯੂ. ਐੱਸ. ਵੱਲੋਂ ਉਨ੍ਹਾਂ ਲੋਕਾਂ ਨੂੰ ਵੀਜ਼ਾ ਨਹੀਂ ਜਾਰੀ ਕੀਤਾ ਜਾਵੇਗਾ ਜੋ ਖੁਦ ਦੇ ਇਲਾਜ ਦਾ ਖਰਚ ਨਹੀਂ ਉਠਾ ਸਕਦੇ ਤੇ ਅਮਰੀਕੀ ਸਿਹਤ ਸੇਵਾਵਾਂ 'ਤੇ ਵਿੱਤੀ ਬੋਝ ਬਣ ਸਕਦੇ ਹਨ। ਯੂ. ਐੱਸ. 'ਚ ਦਾਖਲ ਹੋਣ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਸਿਹਤ ਬੀਮਾ ਹੈ ਜਾਂ ਉਹ ਖੁਦ ਦੇ ਇਲਾਜ ਤੇ ਸਿਹਤ ਸੇਵਾਵਾਂ ਦਾ ਖਰਚ ਪੂਰੀ ਤਰ੍ਹਾਂ ਉਠਾ ਸਕਦੇ ਹਨ। ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਕਮਾਂ 'ਚ ਕਿਹਾ ਹੈ ਕਿ ਅਮਰੀਕੀ ਸਿਹਤ ਸੇਵਾਵਾਂ 'ਤੇ ਹੁਣ ਇਮੀਗ੍ਰੈਂਟਸ ਦੇ ਖਰਚ ਦਾ ਹੋਰ ਬੋਝ ਨਹੀਂ ਪੈਣ ਦਿੱਤਾ ਜਾ ਸਕਦਾ। ਹਾਲਾਂਕਿ ਇਸ ਨਿਯਮ ਨਾਲ ਯੂ. ਐੱਸ. 'ਚ. ਪਹਿਲਾਂ ਤੋਂ ਰਹਿ ਰਹੇ ਪ੍ਰਵਾਸੀ ਪ੍ਰਭਾਵਿਤ ਨਹੀਂ ਹੋਣਗੇ। ਸਿਰਫ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਜੋ ਇਹ ਸਾਬਤ ਨਹੀਂ ਕਰ ਸਕਣਗੇ ਕਿ ਇਕ ਵਾਰ ਪੱਕੇ ਹੋ ਜਾਣ 'ਤੇ ਉਹ ਡਾਕਟਰੀ ਤੇ ਸਿਹਤ ਸੰਬੰਧੀ ਸਾਰੇ ਖਰਚਿਆਂ ਦਾ ਭੁਗਤਾਨ ਪੱਲਿਓਂ ਕਰ ਸਕਦੇ ਹਨ।


Related News